Tuesday, May 6, 2025
Breaking News

ਹਰ ਮਾਈ ਭਾਈ 27 ਦਸੰਬਰ ਨੂੰ ਸਵੇਰੇ 10:00 ਵਜੇ ਘੱਟੋ-ਘੱਟ ਪੰਜ ਮਿੰਟ ਮੂਲਮੰਤਰ ਦਾ ਜਾਪ ਕਰੇ – ਸਿੰਘ ਸਾਹਿਬਾਨ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸਿੰਘ ਸਾਹਿਬਾਨ ਨੇ ਹਰ ਮਾਈ ਭਾਈ ਨੂੰ 27 ਦਸੰਬਰ ਨੂੰ ਸਵੇਰੇ 10:00 ਵਜੇ ਘੱਟੋ-ਘੱਟ ਪੰਜ ਮਿੰਟ ਮੂਲਮੰਤਰ ਦਾ ਜਾਪ ਕਰਨ ਦੀ ਅਪੀਲ ਕੀਤੀ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਪੋਹ ਮਹੀਨੇ ਦੀ ਹੱਡ ਚੀਰਵੀਂ ਕੜਕਦੀ ਠੰਡ ਵਿਚ ਸਰਬੰਸ-ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ‘ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ’ ਨੂੰ ਠੰਡੇ ਬੁਰਜ਼ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਤੇ ਉਸ ਵੱਲੋਂ ਜਾਰੀ ਕੀਤੇ ਫ਼ਤਵੇ ਉਪਰੰਤ 13 ਪੋਹ ਨੂੰ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਗਰ ‘ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ’ ਨੂੰ ਜਲਾਦਾਂ ਵੱਲੋਂ ਸਰਹਿੰਦ ਵਿਖੇ ਸ਼ਹੀਦ ਕੀਤਾ ਗਿਆ।ਇਸ ਲਾਸਾਨੀ ਸ਼ਹਾਦਤ ਨੇ ਸਿੱਖ ਕੌਮ ਅੰਦਰ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਕਿ ਦੁਨੀਆਂ ਭਰ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਆਪਣੇ ਧਰਮ ਪ੍ਰਤੀ ਦ੍ਰਿੜ੍ਹ ਹੋਵੇ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 27 ਦਸੰਬਰ ਨੂੰ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਦੇਸ-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ।
                   ਉਨਾਂ ਕਿਹਾ ਕਿ ਇਸ ਲਾਸਾਨੀ ਸ਼ਹਾਦਤ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਟਕਸਾਲਾਂ, ਧਾਰਮਿਕ ਜਥੇਬੰਦੀਆਂ ਅਤੇ ਹਰ ਮਾਈ ਭਾਈ 27 ਦਸੰਬਰ 2021 ਨੂੰ ਸਵੇਰੇ 10:00 ਵਜੇ ਘੱਟੋ-ਘੱਟ ਪੰਜ ਮਿੰਟ ਮੂਲਮੰਤਰ ਦਾ ਜਾਪ ਕਰੇ ਅਤੇ ਆਪਣੇ ਬੱਚੇ-ਬੱਚੀਆਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਅਜਿਹੇ ਸ਼ਹੀਦੀ ਦਿਹਾੜਿਆਂ ਤੇ ਸ਼ਹੀਦਾਂ ਦੀਆਂ ਗਾਥਾਵਾਂ ਤੋਂ ਜਾਣੂ ਕਰਵਾਉਣ ਤਾਂ ਜੋ ਉਹ ਨਸ਼ਿਆਂ ਤੇ ਪਤਿਤਪੁਣੇ ਦਾ ਤਿਆਗ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਹੋਣ।ਇਹ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ-ਸੁੱਚੀ ਸਰਧਾਂਜਲੀ ਹੋਵੇਗੀ।

Check Also

ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …