Monday, December 23, 2024

ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਮਿਲੇਗਾ ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’

ਨਵੀਂ ਦਿੱਲੀ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਨਾਮਵਰ ਸੀਨੀਅਰ ਪੱਤਰਕਾਰ ਤੇ ਚਰਚਿਤ ਕਾਲਮ ਨਵੀਸ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਸ ਸਾਲ ਦਾ ‘ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ‘ਇੰਟਰਨੈਸ਼ਨਲ ਅਬਜ਼ਰਵਰ’ ਅਤੇ ‘ਇੰਡੀਅਨ ਟੈਂਡਰ ਜਰਨਲ’ ਦੇ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਆਲ ਇੰਡੀਆ ਪੰਜਾਬੀ ਜਰਨਲਿਸਟਸ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਤੇ ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਹ ਐਵਾਰਡ ਉਨ੍ਹਾਂ ਵੱਲੋਂ ਪਿਛਲੇ 35 ਸਾਲਾਂ ਵਿੱਚ ਪੰਜਾਬੀ ਪੱਤਰਕਾਰੀ ਲਈ ਨਿਭਾਈਆਂ ਬਿਹਤਰੀਨ ਸੇਵਾਵਾਂ ਤੇ ਹਿੰਦ-ਪਾਕਿ. ਦੋਸਤੀ ਨੂੰ ਮਜ਼ਬੂਤ ਕਰਨ ਦੇ ਕਾਬਲ-ਏ-ਤਾਰੀਫ਼ ਯਤਨਾਂ ਵਜੋਂ 21 ਜਨਵਰੀ ਸ਼ਾਮ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗ੍ਰੈਂਡ ਇੰਮਪੀਰੀਆ ਬੈਂਕੁਇਟ ਹਾਲ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਦਿੱਤਾ ਜਾਵੇਗਾ। ਡਾ. ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਖੇਤਰ ਦੀ ਉਘੀ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਦਿੱਤਾ ਜਾਂਦਾ ਹੈ।
                   ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁੱਖੀ ਰਹਿ ਚੁੱਕੇ ਉਘੇ ਲੋਕਧਾਰਾ ਵਿਗਿਆਨੀ ਡਾਕਟਰ ਗੁਰਮੀਤ ਸਿੰਘ ਚੌਹਾਨ ਨੂੰ ‘ਫੋਕਲੋਰਿਸਟ ਆਫ ਦਾ ਯੀਅਰ ਐਵਾਰਡ’, ਚਿੱਤਰਕਾਰ ਸੁਖਪਾਲ ਸਿੰਘ ਨੂੰ ‘ਆਰਟਿਸਟ ਆਫ ਦਾ ਯੀਅਰ ਐਵਾਰਡ’ ਅਤੇ ਉਘੇ ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਹਰਿੰਦਰ ਸੋਹਲ ਨੂੰ ‘ਮਿਊਜ਼ਿਕ ਡਾਇਰੈਕਟਰ ਆਫ ਦਾ ਯੀਅਰ ਐਵਾਰਡ’ ਨਾਲ ਸਨਮਾਨਿਆ ਜਾ ਚੁੱਕਾ ਹੈ।
                 ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਤੇ ‘ਵਿਸ਼ਵ ਦਰਸ਼ਨ’ ਚਰਚਿਤ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਹਰਵਿੰਦਰ ਪਾਕਿਸਤਾਨ ਜਾਣ ਵਾਲੇ ਕਈ ‘ਗੁੱਡ-ਵਿਲ’ ਡੈਲੀਗੇਸ਼ਨਾਂ ਦਾ ਵਿਸ਼ੇਸ਼ ਤੇ ਅਹਿਮ ਹਿੱਸਾ ਵੀ ਰਹੇ ਹਨ। ਹਿੰਦ-ਪਾਕਿ. ਦਰਮਿਆਨ ਨਫ਼ਰਤ ਮਿਟਾਉਣ ਅਤੇ ਦੋਨਾਂ ਮੁਲਕਾਂ ‘ਚ ਦੋਸਤੀ ਨਿੱਘੀ ਤੇ ਮਜ਼ਬੂਤ ਕਰਨ ਲਈ ਉਨ੍ਹਾਂ ਕਈ ਸ਼ਲਾਘਾਯੋਗ ਕਾਰਜ ਕੀਤੇ ਹਨ, ਜੋ ਅੱਜ ਵੀ ਨਿਰੰਤਰ ਜਾਰੀ ਹਨ।‘ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਚ ਪੰਜਾਬੀ ਸੱਭਿਆਚਾਰ’ ਵਿਸ਼ੇ ‘ਤੇ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਵਾਲੇ ਡਾ. ਹਰਵਿੰਦਰ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦੇ ਡਾ. ਸਾਧੂ ਸਿੰਘ ਹਮਦਰਦ ਪੱਤਰਕਾਰ ਐਵਾਰਡ, ਮੀਡੀਆ ਰਤਨ ਐਵਾਰਡ ਸਹਿਤ ਦੇਸ਼-ਵਿਦੇਸ਼ਾਂ ‘ਚ ਅਨੇਕਾਂ ਸਨਮਾਨਾਂ ਨਾਲ ਨਿਵਾਜ਼ੇ ਜਾ ਚੁੱਕੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …