Sunday, March 29, 2026

ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ 26 ਜਨਵਰੀ ਨੂੰ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਫਤਹਿ ਦਿਹਾੜਾ ਮਨਾਉਣ ਦਾ ਐਲਾਨ

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਜਥੇਬੰਦੀ ਦੇ ਸੂਬਾ ਹੈਡਕੁਆਰਟਰ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਰ ਭਵਨ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 26 ਜਨਵਰੀ 2021 ਨੂੰ ਦਿੱਲੀ ਵਿਖੇ ਸ਼ਹੀਦ ਹੋਏ ਨਵਰੀਤ ਸਿੰਘ ਯੂ.ਪੀ ਸਮੇਤ 750 ਕਿਸਾਨਾਂ ਮਜ਼ਦੂਰਾਂ ਦੀ ਸ਼ਹੀਦੀ ਨੂੰ ਸਮਰਪਿਤ ਸੂਬਾ ਪੱਧਰੀ ਫਤਹਿ ਦਿਹਾੜਾ 26 ਜਨਵਰੀ 2022 ਨੂੰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ।ਜਿਸ ਵਿੱਚ ਪੰਜਾਬ ਤੇ ਦੇਸ਼ ਭਰ ਵਿਚੋਂ 1 ਲੱਖ ਤੋਂ ਵੱਧ ਕਿਸਾਨ, ਮਜ਼ਦੂਰ, ਨੌਜਵਾਨ ਤੇ ਬੀਬੀਆਂ ਬੱਚੇ ਕਾਰਪੋਰੇਟ ਪੱਖੀ ਲੁਟੇਰੇ ਰਾਜ ਪ੍ਰਬੰਧ ਖਿਲਾਫ਼ ਸ਼ਮੂਲੀਅਤ ਕਰਕੇੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।ਆਗੂਆਂ ਨੇ ਦੱਸਿਆ ਕਿ ਇਸ ਰੈਲੀ ਵਿੱਚ ਜਥੇਬੰਦੀ ਵਲੋਂ ਚੱਲ ਰਹੇ ਵੋਟਾਂ ਵਾਲੇ ਰਾਜ ਪ੍ਰਬੰਧ ਦੇ ਮੁਕਾਬਲੇ ਕੁਦਰਤ ਤੇ ਲੋਕ ਪੱਖੀ ਬਦਲ ਉਸਾਰਨ ਦਾ ਹੋਕਾ ਦਿੱਤਾ ਜਾਵੇਗਾ ਅਤੇ ਲੋਕਾਂ ਸਾਹਮਣੇ ਜਥੇਬੰਦੀ ਵਲੋਂ ਇਸ ਬਦਲ ਦੀ ਲਿਖਤੀ ਰੂਪ ਰੇਖਾ ਦਿੱਤੀ ਜਾਵੇਗੀ।ਲੱਖਾਂ ਦੀ ਤਾਦਾਦ ਵਿੱਚ ਹੱਥ ਪਰਚੇ ਤੇ ਇਸ਼ਤਿਹਾਰ ਵੰਡੇ ਤੇ ਲਗਾਏ ਜਾਣਗੇ।ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਸ਼ਾਲ ਇਕੱਠ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਸੰਘਰਸ਼ ਦੀਆਂ ਪ੍ਰਾਪਤੀਆਂ ਅਤੇ ਜਿੱਤਾਂ ਬਾਰੇ ਜਨਤਾ ਨੂੰ ਜਾਣੂ ਕਰਵਾਇਆ ਜਾਵੇਗਾ।ਬਾਕੀ ਰਹਿੰਦੀਆਂ ਮੰਗਾ ਮੰਨਵਾਉਣ, ਕਾਰਪੋਰੇਟ ਘਰਾਣਿਆਂ ਦੇ ਹੱਕ ‘ਚ ਭੁਗਤ ਰਹੇ ਦੇਸ਼ ਦੇ ਹਾਕਮਾਂ ਖਿਲਾਫ਼ ਸੰਘਰਸ਼਼ ਨੂੰ ਹੋਰ ਤੇਜ਼ ਕਰਨ ਦਾ ਪ੍ਰਣ ਕੀਤਾ ਜਾਵੇਗਾ।
               ਕਿਸਾਨ ਆਗੂਆਂ ਨੇ ਕਿਹਾ ਕਿ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ, ਸਤਨਾਮ ਸਿੰਘ ਤਰਨਤਾਰਨ, ਲਖਵਿੰਦਰ ਸਿੰਘ ਅੰਮ੍ਰਿਤਸਰ, ਇੰਦਰਜੀਤ ਸਿੰਘ ਫਿਰੋਜ਼ਪੁਰ, ਗੁਰਦੇਵ ਸਿੰਘ ਮੋਗਾ, ਜਗਦੀਸ਼ ਸਿੰਘ ਫਾਜ਼ਿਲਕਾ, ਸਰਵਣ ਸਿੰਘ ਕਪੂਰਥਲਾ, ਸਲਵਿੰਦਰ ਸਿੰਘ ਜਲੰਧਰ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਪਰਮਜੀਤ ਸਿੰਘ ਹੁਸ਼ਿਆਰਪੁਰ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …