ਹੁਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲਾ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁੱਝ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਬਚਪਨ ਵਿੱਚ ਉਸ ਨੂੰ ਬਹੁਤ ਚਾਅ ਚੜਦਾ ਸੀ, ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ।ਉਨਾਂ ਦਿਨਾਂ ਵਿੱਚ ਦੇਬੀ ਮਖਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਿਹਾ।ਉਹ ਉਨਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜ ਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ।ਹੋਲੀ ਹੋਲੀ ਗੀਤਕਾਰੀ ਵੱਲ ਉਸ ਦਾ ਰੁਝਾਨ ਹੋਰ ਵੀ ਵੱਧਦਾ ਗਿਆ।ਇਸ ਖੇਤਰ ਵਿੱਚ ਕੁੱਝ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਉਸ ਨੇ ਆਪਣਾ ਗੀਤ ਰਿਕਾਰਡ ਕੀਤਾ।
ਉਸ ਨੇ ਦੱਸਿਆ ਕਿ ਨਾਮੀ ਸੰਗੀਤਕਾਰ ਜੋੜੀ “ਦੇਸੀ ਕਰੂ” ਨੇ ਓਹਨਾ ਦਾ ਪਹਿਲਾ ਗੀਤ “ਦੇ ਕੇ ਮਹਿੰਗੀਆਂ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ” ਜੋਰਡਨ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ।ਇਸ ਤੋਂ ਬਾਅਦ ਗੀਤਾ ਬੈਂਸ ਉਨਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ “ਪੂਜਾ ਕਿਵੇਂ ਆ” ਫਿਲਮ ‘ਚ ਉਨਾਂ ਦੇ ਗੀਤ ਗਾਏ।ਇਥੇ ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ‘ਚ ਆਪਣਾ ਨਾਮ “ਕੁਮਾਰ ਸਨੀ” ਰੱਖਿਆ ਸੀ।ਕਾਫੀ ਸਮੇਂ ਬਾਅਦ ਫੇਰ ਉਸ ਨੇ ਆਪਣਾ ਨਾਮ “ਮੋਨੇ ਵਾਲਾ” ਰੱਖਿਆ।
ਵੈਸੇ ਤਾਂ ਮੋਨੇ ਵਾਲਾ ਬਹੁਪੱਖੀ ਕਲਾ ਦੇ ਧਨੀ ਹੈ।ਉਹ ਤਕਰੀਬਨ ਹਰ ਸਥਿਤੀ ‘ਤੇ ਗੀਤ ਲਿਖਦਾ ਹੈ।ਪਰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹਨ।ਉਹ ਰੂਹਦਾਰੀ ਨਾਲ ਡੂੰਘੀ ਸਾਂਝ ਸਮਝਦਾ ਹੈ।ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ ਕਰਦਾ ਹੈ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ ਰਹੀ ਹੈ। ਲੋਕ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ ਹਨ।ਮਜ਼ਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ।ਮੋਨੇ ਵਾਲਾ ਇਸ ਚੱਲ ਰਹੇ ਰੁਝਾਣ ਨਾਲ ਸਹਿਮਤ ਨਹੀਂ ਹੈ।ਉਹ ਹਮੇਸ਼ਾਂ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦਾ ਹੈ।ਕੁੱਝ ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦਾ ਹੈ ਕਿ ਇਹ ਵੀ ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ।ਲੋਕੀਂ ਚੰਗਾ ਲਿਖਿਆ, ਗਾਇਆ ਜ਼ਰੂਰ ਪਸੰਦ ਕਰਦੇ ਹਨ।
ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ।ਜਿਹਨਾਂ ਚੋਂ ਕੁੱਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ, ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ ਸੋਹਲ ਪ੍ਰਮੁੱਖ ਹਨ। ਕੁੱਝ ਗੀਤ ਜਿਵੇਂ “ਖਰੇ ਖ਼ਰੇ ਖਰੇ ਜੱਟ ਬੱਲੀਏ” ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, “ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ” ਮਿਸ ਪੂਜਾ ਦੀ ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵਲੋਂ, ਨਹੀਂ ਨੱਚਣਾ, ਮਲਕੀਤ ਸਿੰਘ ਅਤੇ ਹੋਰ ਵੀ ਗੀਤ ਬਹੁਤ ਚਰਚਿਤ ਹੋਏ।ਸਾਲ 2022 ਵਿੱਚ ਉਸ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹਨ। 02022022
ਹਰਜਿੰਦਰ ਸਿੰਘ ਜਵੰਦਾ
ਮੋ- 9463828000