ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਵੀ ਲਿਆ ਹਿੱਸਾ
ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਚੋਣਾਂ ਸਬੰਧੀ ਆਮ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਪੀ.ਡਬਲਿਊ ਡੀ ਰੈਸਟ ਹਾਊਸ ਸੰਗਰੂਰ ਤੋਂ ਇੱਕ ਵਿਸ਼ਾਲ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਜਨਰਲ ਅਬਜ਼ਰਵਰ ਸੁਬੋਧ ਯਾਦਵ ਵਲੋਂ ਜਨਰਲ ਅਬਜ਼ਰਵਰ ਰਜਿੰਦਰ ਵੀਜਾਰਾਓ ਨਿੰਬਲਕਰ, ਖਰਚਾ ਅਬਜ਼ਰਵਰ ਲਿਆਕਤ ਅਲੀ ਅਫ਼ਾਕੀ ਅਤੇ ਜ਼ਿਲਾ ਚੋਣ ਅਫ਼ਸਰ ਰਾਮਵੀਰ ਦੀ ਮੌਜ਼ੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਏ.ਡੀ.ਸੀ ਲਤੀਫ਼ ਅਹਿਮਦ ਤੇ ਰਿਟਰਨਿੰਗ ਅਫ਼ਸਰ ਚਰਨਜੋਤ ਸਿੰਘ ਵਾਲੀਆ ਵੀ ਮੌਜ਼ੂਦ ਸਨ।
ਇਹ ਸਾਇਕਲ ਰੈਲੀ ਪੀ.ਡਬਲਿਊ.ਡੀ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ, ਰੌਕਸੀ ਰੋਡ, ਵੱਡਾ ਚੌਂਕ, ਫੁਹਾਰਾ ਚੌਂਕ, ਪਟਿਆਲਾ ਗੇਟ, ਪੰਚਾਇਤ ਘਰ, ਸਟੇਡੀਅਮ ਦੇ ਅੱਗਿਓਂ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਜ਼ਿਲਾ ਕੋਰਟ, ਛੋਟਾ ਚੌਂਕ, ਬੱਸ ਸਟੈਂਡ ਤੋਂ ਹੁੰਦੀ ਹੋਈ ਵਾਪਸ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਸਮਾਪਤ ਹੋਈ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬਹੁ ਗਿਣਤੀਆਂ ਵਿਦਿਆਰਥੀਆਂ ਤੇ ਸਾਈਕਲਿੰਗ ਕਲੱਬ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।
ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਰਾਮਵੀਰ ਨੇ ਕਿਹਾ ਕਿ 20 ਫਰਵਰੀ ਦਾ ਦਿਨ ਲੋਕਤੰਤਰ ਦੀ ਮਜ਼ਬੂਤੀ ਲਈ ਅਹਿਮ ਦਿਨ ਹੈ ਅਤੇ ਹਰੇਕ ਬਾਲਗ ਵਿਅਕਤੀ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਆਪਣੇ ਹੱਕ ਦੀ ਵਰਤੋਂ ਕਰੇ।ਉਨਾਂ ਕਿਹਾ ਕਿ ਇਹ ਸੰਦੇਸ਼ ਘਰ ਘਰ ਪਹੰੁਚਾਉਣ ਦੇ ਉਦੇਸ਼ ਨਾਲ ਇਹ ਜਾਗਰੂਕਤਾ ਰੈਲੀ ਕਰਵਾਈ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਸਵੀਪ ਤਹਿਤ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਸਭ ਤੱਕ ਇਹ ਸੁਨੇਹਾ ਪਹੁੰਚ ਸਕੇ।
ਖਰਚਾ ਅਬਜ਼ਰਵਰ ਲਿਆਕਤ ਅਲੀ ਅਫ਼ਾਕੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਬਿਨਾਂ ਕਿਸੇ ਡਰ ਤੋਂ ਆਪਣੇ ਅਧਿਕਾਰ ਦੀ ਵਰਤੋਂ ਕਰਨ ਅਤੇ ਵੋਟਾਂ ਦੇ ਮਹਾਂ ਤਿਓਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ।