ਸਪੇਸ ਕਿਡਜ਼ ਇੰਡੀਆ ਵਲੋਂ ਚੁਣੇ ਜਾਣ ਉਪਰੰਤ ਮਿਸ਼ਨ “AzaadiSAT” ‘ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਊਟਰ ਸਪੇਸ ਦੀਆਂ ਅਣਸੁਲਝੀਆਂ ਗੁਥੀਆਂ ਬਾਰੇ ਜਾਣਕਾਰੀ ਪ੍ਰਾਪਤ ਕਰੇ ਜਾਂ ਇਸਦੀ ਰੱਹਸਮਈ ਦੁਨੀਆ ਨੂੰ ਜਾਨਣ ਲਈ ਕੋਈ ਯੋਗਦਾਨ ਪਾਏ। ਅੱਜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ ਵਿਦਿਆਰਥਣਾਂ ਨੇ ਨੰਨੇ ਵਿਗਿਆਨੀਆਂ ਵਜੋਂ ਸਪੇਸ ਕਿਡਜ਼, ਇੰਡੀਆ ਵਲੋਂ ਚੋਣ ਕੀਤੇ ਜਾਣ ਉਪਰੰਤ ਆਊਟਰ ਸਪੇਸ ਦੀ ਵਿਸ਼ਲੇਸ਼ਣ ਵਿਚ ਆਪਣਾ ਯੋਗਦਾਨ ਪਾਇਆ।
ਮਿਸ਼ਨ “AzaadiSAT” ਵਿਚ ਸ਼ਮੂਲੀਅਤ ਲਈ ਸਪੇਸ ਕਿਡਜ਼, ਇੰਡੀਆ ਵਲੋਂ ਪੂਰੇ ਭਾਰਤ ਵਿਚੋਂ 75 ਸਕੂਲਾਂ ਦੀ ਚੋਣ ਕੀਤੀ ਗਈ ਜਿਸ ਵਿਚ ਮਾਲ ਰੋਡ ਸਕੂਲ ਨੂੰ ਹਿੱਸਾ ਲੈਣ ਦਾ ਮਾਣ ਮਿਲਿਆ।ਇਸ ਮਿਸ਼ਨ ਤਹਿਤ ਇਕ “Raspberry” ਬੋਰਡ ਤਿਆਰ ਕਰਨਾ ਹੈ ਜੋ ਕਿ ਸੈਟੇਲਾਈਟ ਵਿਚ ਲਗਾਉਣ ਉਪਰੰਤ ਬਾਹਰਲੇ ਵਾਤਾਵਰਣ, ਤਾਪਮਾਨ, ਦਬਾਅ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੋਰ ਦੀ ਰਹਿਨੁਮਾਈ ਅਧੀਨ ਅਤੇ ਏ.ਟੀ.ਐਲ ਰੋਬੋਟਿਕਸ ਵਿਭਾਗ ਦੇ ਇੰਚਾਰਜ ਕਮਲ ਕੁਮਾਰ (ਲੈਕਚਰਾਰ ਕਮਿਸਟਰੀ) ਦੀ ਯੋਗ ਅਗਵਾਈ ਹੇਠ 9ਵੀਂ ਤੋਂ 12ਵੀਂ ਤੱਕ ਦੀਆਂ 10 ਵਿਦਿਆਰਥਣਾਂ ਨੇ ਇਸ ਪ੍ਰੋਜੈਕਟ ਤੇ ਪੂਰੀ ਲਗਨ ਨਾਲ ਕੰਮ ਕਰਕੇ ਨਾ ਕੇਵਲ ਇਸ ਪ੍ਰੋਜੈਕਟ ਨੂੰ ਸਮਾਂ ਰਹਿੰਦਿਆਂ ਨੇਪਰੇ ਚਾੜ੍ਹੀਆ ਬਲਕਿ ਪੂਰੇ ਦੇਸ਼ ਵਿਚ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਕੀਤਾ ਇਸ “Raspberry” ਬੋਰਡ ਸਪੇਸ ਵਿਚ ਪਹਿਲੀ ਵਾਰ ਭੇਜੇ ਜਾ ਰਹੇ ਸਭ ਤੋਂ ਹਲਕੇ ਭਾਰ ਵਾਲੇ ਸੈਟੇਲਾਈਟ ਵਿਚ ਲਗਾਇਆ ਜਾਵੇਗਾ।
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੋਰ ਨੇ ਬੱਚਿਆਂ ਦੀ ਇਸ ਉਪਲਬਧੀ ਤੇ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦਿਨ ਦੁਗਣੀ ਰਾਤ ਚੌਗਣੀ ਤੱਰਕੀ ਕਰਕੇ ਸਫਲਤਾ ਦੇ ਸ਼ਿਖਰਾਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ।