Thursday, May 29, 2025
Breaking News

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਚਾਰ ਪੰਥਕ ਸ਼ਖਸ਼ੀਅਤਾਂ ਦਾ ਸਨਮਾਨ

  ਦੋ ਰੋਜਾ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਸੰਪਨ
PPN160302
ਸ੍ਰੀ ਅਨੰਦਪੁਰ ਸਾਹਿਬ– 16 ਮਾਰਚ  (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਮੌਕੇ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਗੱਤਕਾ ਮੁਕਾਬਲਿਆਂ ਦੇ ਫਾਈਨਲ ਮੁਕਾਬਲਿਆਂ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਿੱਖੀ ਸਰੂਪ ਵਿੱਚ ਗੱਤਕੇ ਦੀ ਮਾਰਸ਼ਲ ਗੇਮ ਜੋ ਖੇਡੀ ਜਾ ਰਹੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਖੇਡ ਦੇ ਨਾਲ ਜਿਥੇ ਸਿੱਖੀ ਸਰੂਪ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਹੈ, ਉਥੇ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਕੌਮ ਲਈ ਚੰਗੀ ਮਿਸ਼ਾਲ ਬਣਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਉਚੇਚਾ ਧਿਆਨ ਦਿੰਦਿਆਂ ਇੱਕ ਗੱਤਕਾ ਸਪੋਰਟਸ ਵਿੰਗ ਸਥਾਪਤ ਕੀਤਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਕੂਲਾਂ ਵਿੱਚ ਗੱਤਕੇ ਦੀ ਸਿੱਖਲਾਈ ਦਾ ਕਾਰਜ ਕਰੇਗਾ। ਉਨ੍ਹਾਂ ਕਿਹਾ ਕਿ ਇਸ ਖੇਡ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਬਾਰੇ ਨਿਸ਼ਕਾਮ ਸੇਵਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਨਮਾਨਿਤ ਹੋਣ ਵਾਲੀਆਂ ਸਖ਼ਸ਼ੀਅਤਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਬਾਬਾ ਬਲਬੀਰ ਸਿੰਘ ਵੱਲੋਂ ਹਰ ਸਾਲ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਜਾਣ ਤੇ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ।
ਇਸ ਦੋ ਰੋਜਾ ਗੱਤਕਾ ਮੁਕਾਬਲੇ ਵਿੱਚ ਪੰਜਾਬ ਭਰ ਤੋਂ ੨੦ ਟੀਮਾਂ ਨੇ ਭਾਗ ਲਿਆ। ਗੱਤਕਾ ਮੁਕਾਬਲਿਆਂ ਦੇ ਸਮਾਗਮ ਸਮਾਰੋਹ ਦੇ ਦਰਮਿਆਨ ਚਾਰ ਪੰਥਕ ਸਖ਼ਸ਼ੀਅਤਾਂ ਨੂੰ ਸਿੱਖ ਕੌਮ ਅਤੇ ਪੰਥ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ, ਜਥੇਦਾਰ ਨਵਾਬ ਕਪੂਰ ਸਿੰਘ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਥ ਪ੍ਰਸਿਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਬੀਰਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਹ ਸਨਮਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੇ ਸਾਂਝੇ ਤੌਰ ਤੇ ਇਨ੍ਹਾਂ ਸਖਸੀਅਤਾਂ ਨੂੰ ਭੇਟ ਕੀਤੇ, ਜਿਨ੍ਹਾਂ ‘ਚ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਐਵਾਰਡ, ਪ੍ਰਸਿਧ ਲੇਖਕ ਤੇ ਕਾਲਮ ਨਵੀਸ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਬ ਕਪੂਰ ਸਿੰਘ ਐਵਾਰਡ, ਪੰਥ ਪ੍ਰਸਿਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਐਵਾਰਡ ਅਤੇ ਬਾਬਾ ਸੁਖਦੇਵ ਸਿੰਘ ਨਾਨਕਸਰ ਭੁੱਚੋ ਵਾਲਿਆਂ ਨੂੰ ਨਵਾਬ ਕਪੂਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਬੁੱਢਾ ਦਲ ਵੱਲੋਂ ਪ੍ਰਕਾਸ਼ਤ ਹੁੰਦਾ ਨਿਹੰਗ ਸਿੰਘ ਸੰਦੇਸ਼ ਮੈਗਜੀਨ ਹੋਲੇ ਮਹੱਲੇ ਦਾ ਵਿਸ਼ੇਸ਼ ਅੰਕ ਰਲੀਜ਼ ਕੀਤਾ ਗਿਆ।
ਇਸ ਮੌਕੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ.ਸੁਖਵਿੰਦਰ ਸਿੰਘ ਮੈਨੇਜਰ, ਪੰਥਕ ਸਟੇਜਾਂ ਦੇ ਬੁਲਾਰੇ ਸ.ਭਗਵਾਨ ਸਿੰਘ ਜੌਹਲ, ਸ.ਮਨਮੋਹਨ ਸਿੰਘ ਭਾਗੋਵਾਲੀਆ, ਬਾਬਾ ਜੰਗ ਸਿੰਘ ਕਰਨਾਲ, ਬਾਬਾ ਗੱਜਣ ਸਿੰਘ ਬਿਧੀ ਚੰਦ ਸੁਰਸਿੰਘ ਸੰਪ੍ਰਦਾਇ, ਬਾਬਾ ਮੱਖਣ ਸਿੰਘ ਤਰਨਾ ਦਲ ਮੁਖੀ ਬਾਬਾ ਬਕਾਲਾ, ਜਥੇਦਾਰ ਬਾਬਾ ਮਾਨ ਸਿੰਘ, ਬਾਬਾ ਵੱਸਣ ਸਿੰਘ, ਬਾਬਾ ਛਿੰਦਾ ਸਿੰਘ ਭਿਖੀਵਿੰਡ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਬਲਕਾਰ ਸਿੰਘ ਦਸ਼ਮੇਸ ਤਰਨਾ ਦਲ ਲੁਧਿਆਣਾ, ਬਾਬਾ ਲਾਲ ਸਿੰਘ ਰਾਮਪੁਰਾ ਫੂਲ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਦਲਬੀਰ ਸਿੰਘ ਮੁਕਤਸਰ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਸਿੱਖ ਕੌਂਸਲ ਯੂ.ਕੇ. ਦੇ ਮੈਂਬਰ ਤੇ ਅਹੁਦੇਦਾਰਾਂ ਤੋਂ ਇਲਾਵਾ ਸੇਵਾਪੰਥੀ, ਉਦਾਸੀ ਤੇ ਨਿਰਮਲੀਏ ਸੰਤ, ਨਿਹੰਗ ਸਿੰਘ ਦਲਾਂ ਦੇ ਅਨੇਕਾਂ ਸਿਪਾਹੀ ਤੇ ਸੰਗਤਾਂ ਵੱਡੀ ਗਿੱਣਤੀ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply