ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਵਾਦ ਕਰਕੇ ਹੀ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਹੈ – ਡਾ. ਮਹਿਲ ਸਿੰਘ
ਅੰਮ੍ਰਿਤਸਰ, 25 ਅਪ੍ਰੈਲ (ਖੁਰਮਣੀਆਂ) – ਪੰਜਾਬ ਦੀ ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ
ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ 18 ਤੋਂ 23 ਅਪ੍ਰੈਲ 2022 ਤੱਕ ਸਾਹਿਤ ਸਿਰਜਣਾ ਵਿਸ਼ੇ ‘ਤੇ 6-ਰੋਜ਼ਾ ਵਰਕਸ਼ਾਪ ਲਗਾਈ ਗਈ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਏ ਅਤੇ ਐਮ.ਫਿਲ (ਪੰਜਾਬੀ) ਅਤੇ ਸਾਹਿਤ ਸਭਾ ਨਾਲ ਜੁੜੇ ਸੰਜ਼ੀਦਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ, ਸਾਹਿਤ ਅਧਿਐਨ ਦੇ ਤਰੀਕੇ ਦੱਸਣ ਅਤੇ ਚੰਗੀ ਸਾਹਿਤ ਸਿਰਜਣਾ ਦੇ ਗੁਰ ਦੱਸਣ ਲਈ ਪੰਜਾਬੀ ਵਿਭਾਗ ਵਲੋਂ 6 ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।ਵਰਕਸ਼ਾਪ ‘ਚ ਵਿਸ਼ੇਸ਼ ਲੈਕਚਰ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਇਲਾਵਾ ਬਾਹਰੋਂ ਵੀ ਅਧਿਆਪਕ, ਸਾਹਿਤਕਾਰ ਅਤੇ ਚਿੰਤਕ ਬੁਲਾਏ ਗਏ ਹਨ।ਇੰਝ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ ਵੀ ਇਸ ਵਰਕਸ਼ਾਪ ਵਿਚ ਭਾਗ ਲੈ ਰਹੇ ਹਨ।
ਪੰਜਵੇਂ ਦਿਨ ਦੀ ਵਰਕਸ਼ਾਪ ਦਾ ਮੰਚ ਸੰਚਾਲਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪ੍ਰੇਰਨਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ‘ਚ ਲਗਾਈ ਗਈ ਵਰਕਸ਼ਾਪ ਵਿਚ ਵਿਦਿਆਰਥੀਆਂ ਵਲੋਂ ਭਰਵੀਂ ਸ਼ਮੂੀਅਤ ਕੀਤੀ ਜਾ ਰਹੀ ਹੈ।ਪਹਿਲੇ ਵਕਤਾ ਪ੍ਰਸਿੱਧ ਗਲਪਕਾਰ ਬਲਬੀਰ ਪਰਵਾਨਾ ਨੇ ਕਿਹਾ ਕਿ ਕੁਦਰਤੀ ਸ੍ਰੋਤਾਂ ਦੀ ਅੰਨੀ ਲੁੱਟ ਕਰਕੇ ਕੁੱਝ ਵਿਅਕਤੀਆਂ ਨੂੰ ਅਮੀਰ ਬਣਾਉਣਾ ਅਤੇ ਬਹੁਤ ਸਾਰਿਆਂ ਨੂੰ ਭਿੱਖਮੰਗਾ ਬਣਾ ਦੇਣਾ ਸਹੀ ਵਿਕਾਸ ਨਹੀਂ ਹੈ, ਇਹ ਵਿਚਾਰ ਮੇਰੀਆਂ ਰਚਨਾਵਾਂ ਦਾ ਮੂਲ ਮਕਸਦ ਹੈ।ਉਹਨਾਂ ਕਿਹਾ ਕਿ ਜਦੋਂ ਤੱਕ ਲੇਖਕ ਰਾਜਨੀਤਕ ਅਤੇ ਆਰਥਿਕ ਵਿਵਸਥਾ ਦੀਆਂ ਪਰਤਾਂ ਅਤੇ ਉਸ ਦੀਆਂ ਲੁੱਕਵੀਆਂ ਚਾਲਾਂ ਨੂੰ ਨਹੀਂ ਸਮਝਦਾ ਉਹ ਸਮਾਜ ਦੇ ਪਰਿਵਰਤਨ ਦੀ ਸਹੀ ਦਿਸ਼ਾ ਨੂੰ ਪੇਸ਼ ਨਹੀਂ ਕਰ ਸਕਦਾ।ਕਿਉਂਕਿ ਪੱਤਰਕਾਰੀ ਵਿਚ ਲੰਮਾ ਸਮਾਂ ਰਹਿਣ ਕਰਕੇ ਮੈਨੂੰ ਇਹਨਾਂ ਸਰਗਰਮੀਆਂ ਨੂੰ ਸਮਝਣ ਅਤੇ ਸਾਹਿਤ ਵਿਚ ਪੇਸ਼ ਕਰਨ ‘ਚ ਕੋਈ ਔਖ ਮਹਿਸੂਸ ਨਹੀਂ ਹੋਈ।
ਦੂਸਰੇ ਬੁਲਾਰੇ ਪਿ੍ਰੰਸੀਪਲ ਜਨਮੀਤ ਨੇ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬੀ ਰੰਗਮੰਚ ਆਪਣੇ ਜਨਮ ਤੋਂ ਹੀ ਲੋਕ-ਲਹਿਰਾਂ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਵੀ ਵਰਤਮਾਨ ਸਮੱਸਿਆਵਾਂ ਨੂੰ ਆਪਣੇ ਕਲਾਵੇ ਵਿਚ ਲੈ ਰਿਹਾ ਹੈ।ਉਹਨਾਂ ਕਿਹਾ ਕਿ ਦਰਸ਼ਕਾਂ ਬਿਨਾਂ ਨਾਟਕ ਅਧੂਰਾ ਰਹਿੰਦਾ ਹੈ ਅਤੇ ਥੀਏਟਰ ਕਰਨਾ ਫਿਲਮਾਂ ਨਾਲੋਂ ਕਿਤੇ ਔਖਾ ਕਾਰਜ਼ ਹੈ।ਡਾ. ਕੁਲਵੰਤ ਸਾਬਕਾ ਪ੍ਰੋਫੈਸਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਨਾਵਲ ਦਾ ਕੈਨਵਸ ਬਹੁਤ ਵੱਡਾ ਹੁੰਦਾ ਹੈ ਅਤੇ ਸਾਡੇ ਨਾਵਲਕਾਰ ਪੂਰੀ ਪਲੈਨਿੰਗ ਤੋਂ ਬਿਨਾ ਕੰਮ ਕਰਦਿਆਂ ਬਹੁਤ ਸਾਰੀਆਂ ਤਕਨੀਕੀ ਗਲਤੀਆਂ ਕਰ ਜਾਂਦੇ ਹਨ ਜਿਸ ਕਰਕੇ ਪੰਜਾਬੀ ਨਾਵਲ ਦਾ ਮਿਆਰ ਉੱਪਰ ਨਹੀਂ ਉਠ ਰਿਹਾ।ਉਹਨਾਂ ਕਿਹਾ ਕਿ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਸਾਹਿਤ ਨੂੰ ਸਮਝਣ ਵਿਚ ਵੱਡੀ ਟੇਡ ਸਥਾਪਤ ਕਰ ਦਿੱਤੀ ਹੈ ਜਿਸ ਨਾਲ ਪਾਠਕ ਇਹ ਤਾਂ ਸੋਚਦਾ ਹੈ ਕਿ ਲੇਖਕ ਨੇ ਕੀ ਕਿਹਾ ਪਰ ਉਹ ਇਹ ਨਹੀਂ ਸੋਚਦਾ ਕਿ ਉਸਨੇ ਕਿਵੇਂ ਕਿਹਾ। ਡਾ. ਬਲਜੀਤ ਕੌਰ ਰਿਆੜ, ਪੰਜਾਬੀ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਗਲਪ ਵਿਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ ਬਦਲਦੇ ਜੀਵਨ ਪ੍ਰਸੰਗਾਂ ਨੂੰ ਪੇਸ਼ ਕਰਨ ਵਿਚ ਇਹ ਵਿਧਾ ਮੋਹਰੀ ਭੂਮਿਕਾ ਨਿਭਾਅ ਰਹੀ ਹੈ।
ਵਿਦਵਾਨਾਂ ਤੋਂ ਬਾਅਦ ਹਾਜ਼ਰ ਵਿਦਿਆਰਥੀਆਂ ਵਲੋਂ ਆਪੋ-ਆਪਣੀ ਸ਼ੰਕਾ ਨਿਵਿਰਤੀ ਲਈ ਸਵਾਲ ਪੁੱਛੇ ਗਏ ਜਿੰਨਾਂ ਦਾ ਜਵਾਬ ਦੇਂਦਿਆਂ ਵਧੀਆ ਸੰਵਾਦ ਪੈਦਾ ਹੋਇਆ।ਇਸ ਵਰਕਸ਼ਾਪ ਦੀ ਇਹ ਖਾਸੀਅਤ ਹੈ ਕਿ ਇਸ ਵਿਚ ਵਿਦਿਆਰਥੀਆਂ ਦੇ ਸਵਾਲਾਂ ਅਤੇ ਉਹਨਾਂ ਦੇ ਜਵਾਬਾਂ ਲਈ ਵੱਖਰਾ ਖੁੱਲ੍ਹਾ ਸਮਾਂ ਰੱਖਿਆ ਜਾਂਦਾ ਹੈ।ਵਿਭਾਗ ਦੇ ਅਧਿਆਪਕਾਂ ਅਤੇ ਖੋਜਰਥੀਆਂ ਦੇ ਸਵਾਲਾਂ ਜਵਾਬਾਂ ਨਾਲ ਪੈਦਾ ਹੁੰਦੇ ਮਾਹੌਲ ਨਾਲ ਇਹ ਵਰਕਸ਼ਾਪ ਗਿਆਨ ਦੀ ਸਿਰਜਣਾ ਦਾ ਅਹਿਸਾਸ ਪੈਦਾ ਕਰਦੀ ਹੈ।ਬਾਹਰੋਂ ਆਏ ਵਿਦਵਾਨਾਂ ਨੇ ਵੀ ਇਸ ਮਾਹੌਲ ਦੀ ਸਰਾਹਨਾ ਕੀਤੀ ਹੈ।
Punjab Post Daily Online Newspaper & Print Media