Tuesday, April 8, 2025
Breaking News

ਸਟੱਡੀ ਸਰਕਲ ਇਸਤਰੀ ਕੌਂਸਲ ਵਲੋਂ ਸ੍ਰੀ ਪਾਉਂਟਾ ਸਾਹਿਬ ਦੇ ਕਵੀ ਦਰਬਾਰ ‘ਚ ਕਵਿੱਤਰੀਆਂ ਨੇ ਕੀਤੀ ਸ਼ਮੂਲੀਅਤ

52 ਕਵਿੱਤਰੀਆਂ ਨੇ ਗੁਰਬਾਣੀ, ਇਤਿਹਾਸ ਤੇ ਮਰਿਯਾਦਾ ਸਬੰਧੀ ਰਚਨਾਵਾਂ ਕੀਤੀਆਂ ਪੇਸ਼

ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨਾ ਦੇ 50 ਵਰ੍ਹਿਆਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅਧੀਨ  ਇਸਤਰੀ ਕੌਂਸਲ ਵਲੋਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਸਜਾਇਆ ਗਿਆ ਕੋਮਾਂਤਰੀ ਇਸਤਰੀ ਕਵੀ ਦਰਬਾਰ ਇਤਿਹਾਸਕ ਹੋ ਨਿਬੜਿਆ। ਇਸ ਸਮੇਂ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਤੋਂ ਸ਼ਾਮਲ ਹੋਈਆਂ 52 ਕਵਿੱਤਰੀਆਂ ਨੇ ਪੂਰਨ ਉਤਸ਼ਾਹ ਅਤੇ ਸ਼ਰਧਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਗੁਰਬਾਣੀ, ਇਤਿਹਾਸ ਅਤੇ ਮਰਯਾਦਾ ਨਾਲ ਸਬੰਧਿਤ ਆਪਣੀਆਂ ਮੌਲਿਕ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਕਵੀ ਦਰਬਾਰ ਵਿੱਚ ਅਕਾਲ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਗੁਲਸ਼ਨ ਕੌਰ, ਗੁਰਜੋਤ ਕੌਰ ਤੇ ਰਿੰਪਲ ਦੇ ਨਾਲ ਸੰਗਰੂਰ ਤੋਂ ਅਮਨਦੀਪ ਕੌਰ, ਰੰਜਨਪ੍ਰੀਤ ਕੌਰ, ਐਸ਼ਵੀਨ ਕੌਰ ਨੇ ਪ੍ਰੋ: ਪਪਿੰਦਰ ਕੌਰ ਮਸਤੂਆਣਾ ਤੇ ਪ੍ਰੋ: ਹਰਵਿੰਦਰ ਸਕੱਤਰ ਜ਼ੋਨਲ ਇਸਤਰੀ ਕੌਂਸਲ ਸੰਗਰੂਰ ਦੀ ਅਗਵਾਈ ਵਿੱਚ ਭਾਗ ਲਿਆ। ਕਵਿੱਤਰੀਆਂ ਵੱਲੋਂ ਪਾਉਂਟਾ ਸਾਹਿਬ ਅਤੇ ਯਮੁਨਾ ਨਦੀ ਦੇ ਪ੍ਰਤੀਕਾਂ, ਸ਼ਹਾਦਤਾਂ ਨਾਲ ਰੰਗੇ ਸਿੱਖ ਇਤਿਹਾਸ, ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਕਾਰਾਂ ਅਤੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਨੂੰ ਨਮਨ ਕਰਦੀਆਂ ਕਵਿਤਾਵਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ਼ ਵਿੱਚ ਭਰਪੂਰ ਉਤਸ਼ਾਹ ਭਰਿਆ।
                  ਇਸਤਰੀ ਕਵੀ ਦਰਬਾਰ ਦੇ ਆਰੰਭ ਵਿੱਚ ਕੁਲਵੰਤ ਸਿੰਘ ਚੌਧਰੀ ਸਾਬਕਾ ਸਕੱਤਰ ਨੇ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਕਵੀ ਦਰਬਾਰ ਵਿੱਚ ਪਹੁੰਚੀਆਂ  ਕਵਿੱਤਰੀਆਂ ਨੂੰ ‘ਜੀ ਆਇਆਂ’ ਆਖਿਆ।ਪ੍ਰਿੰ. ਕੰਵਲਜੀਤ ਕੌਰ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਜਥੇਬੰਦੀ ਦੇ ਉਦੇਸ਼ਾਂ ਅਤੇ ਵਿਚਾਰਧਾਰਾ `ਤੇ ਚਾਨਣਾ ਪਾਇਆ ਜਦਕਿ ਡਾ. ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ ਆਰਗੇਨਾਈਜ਼ਰ ਨੇ ਇਸਤਰੀ ਕੌਂਸਲ ਦੁਆਰਾ ਕੀਤੇ ਜਾਂਦੇ ਨਿਮਾਣੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਪਹਿਲਾਂ ਉੱਘੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਨੇ ਦਸਮ ਪਾਤਸ਼ਾਹ ਵੱਲੋਂ ਕਵੀਆਂ `ਤੇ ਕੀਤੀਆਂ ਬਖ਼ਸ਼ਿਸ਼ਾਂ ਦਾ ਜ਼ਿਕਰ ਕਾਵਿ ਰੂਪ ਵਿਚ ਕੀਤਾ।
              ਡਾ. ਮਨਜੀਤ ਕੌਰ ਜੈਪੁਰ ਡਿਪਟੀ ਚੀਫ਼ ਆਰਗੇਨਾਈਜ਼ਰ ਇਸਤਰੀ ਕੌਂਸਲ ਨੇ ਇਸ ਕਵੀ ਦਰਬਾਰ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਦੱਸਿਆ ਅਤੇ ਇਸਤਰੀ ਕੌਂਸਲ ਦੇ ਸਮੂਹ ਮੈਂਬਰਾਂ, ਕਵਿੱਤਰੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ, ਮੈਨੇਜਰ ਜਗੀਰ ਸਿੰਘ, ਕੈਸ਼ੀਅਰ ਗੁਰਮੀਤ ਸਿੰਘ ਅਤੇ ਹਰਭਜਨ ਸਿੰਘ ਦੇ ਨਾਲ ਨਾਲ ਸੰਗਤਾਂ ਦਾ ਧੰਨਵਾਦ ਕੀਤਾ।ਕਵੀ ਦਰਬਾਰ ਵਿਚ ਸ਼ਾਮਲ ਸਮੂਹ ਕਵਿੱਤਰੀਆਂ ਨੂੰ ਪੁਸਤਕਾਂ, ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਬੀਬੀ ਸੁਰਜੀਤ ਕੌਰ ਭੋਗਪੁਰ ਅਤੇ ਕੁਲਵਿੰਦਰ ਕੌਰ ਨੰਗਲ ਨੇ ਸਟੇਜ਼ ਦਾ ਸੰਚਾਲਨ ਬਾਖੂਬੀ ਕੀਤਾ।
                ਹਰਮੋਹਿੰਦਰ ਸਿੰਘ ਨੰਗਲ ਚੀਫ਼ ਸਕੱਤਰ, ਅਜਿੰਦਰਪਾਲ ਸਿੰਘ ਰੀਜ਼ਨਲ ਪ੍ਰਧਾਨ ਨਾਰਥ ਰੀਜ਼ਨ-2, ਬੀਬੀ ਗੁਰਮੀਤ ਕੌਰ ਸਟੇਟ ਸਕੱਤਰ ਹਰਿਆਣਾ, ਅਮਰਜੀਤ ਸਿੰਘ ਮੋਹਾਲੀ ਡਿਪਟੀ ਚੀਫ਼ ਕੰਟਰੋਲਰ ਆਫ਼ ਫਾਈਨਾਂਸ ਸਟੱਡੀ ਸਰਕਲ, ਅਮਨਦੀਪ ਕੌਰ ਪਾਉਂਟਾ ਸਾਹਿਬ, ਬੀਬੀ ਨਿਰਮਲ ਕੌਰ ਚੇਅਰਪਰਸਨ ਮਿਉਂਸੀਪਲ ਕੌਂਸਲ ਪਾਉਂਟਾ ਸਾਹਿਬ, ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ, ਬਲਜੀਤ ਸਿੰਘ ਭਲੂਰੀਆ, ਬੀਬੀ ਅਵਿਨਾਸ਼ ਕੌਰ ਅਵੀ, ਸਤਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ ਨੰਗਲ ਅਤੇ ਛਿੰਦਰਪਾਲ ਸਿੰਘ, ਹਰਵਿੰਦਰ ਸਿੰਘ ਪੱਪੂ ਸੰਗਰੂਰ ਆਦਿ ਹਾਜ਼ਰ ਸਨ।ਮਸਤੂਆਣਾ ਕਾਲਜ ਦੀ ਪਿ੍ੰਸੀਪਲ ਡਾ. ਅਮਨਦੀਪ ਕੌਰ ਤੇ ਪ੍ਰੋ: ਪ੍ਰਿਆ ਰਾਣੀ ਇੰਚਾਰਜ਼ ਨੇ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ॥
              ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਭਾਗ ਲੈਣ ਵਾਲੀਆਂ ਕਵਿੱਤਰੀਆਂ ਨੂੰ ਵਧਾਈ ਦਿੱਤੀ ਜਦੋਂ ਕਿ ਸੰਗਰੂਰ ਜ਼ੋਨ ਦੇ ਆਗੂ ਕੁਲਵੰਤ ਸਿੰਘ ਨਾਗਰੀ, ਗੁਰਜੰਟ ਸਿੰਘ ਰਾਹੀ, ਅਜਮੇਰ ਸਿੰਘ, ਗੁਰਮੇਲ ਸਿੰਘ ਨੇ ਮਸਤੂਆਣਾ ਸਾਹਿਬ ਅਤੇ ਹੋਰ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …