Thursday, April 3, 2025
Breaking News

ਬੈਂਕ ਪੰਜਾਬ ਦੇ ਪਿੰਡਾਂ ਵਿੱਚ ਕਰਜ਼ਾ ਸਹੂਲਤਾਂ ਵਧਾਉਣ ਲਈ ਅੱਗੇ ਆਉਣ – ਕੇਂਦਰੀ ਰਾਜ ਮੰਤਰੀ

ਕਿਸਾਨ ਦੀ ਆਮਦਨ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ – ਵਿੱਤ ਮੰਤਰੀ ਪੰਜਾਬ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਪੰਜਾਬ ਰਾਜ ਦੇ ਸਮੁੱਚੇ ਬੈਂਕਾਂ ਦੀ 160ਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਕੇਂਦਰੀ ਰਾਜ ਮੰਤਰੀ (ਵਿੱਤ) ਡਾ. ਭਗਵਤ ਕਰਦ ਨੇ ਪੰਜਾਬ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਕਈ ਰਾਜਾਂ ਤੋਂ ਬਿਹਤਰ ਹੈ।ਪਰ ਇਸ ਵਿੱਚ ਅਜੇ ਕਈ ਖੇਤਰ ਸੁਧਾਰ ਦੀ ਮੰਗ ਕਰਦੇ ਹਨ।ਉਨਾਂ ਕਿਹਾ ਕਿ ਬੈਂਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਬੈਂਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਕਰਜ਼ਾ ਸਹੂਲਤਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ।ਜਿਸ ਨਾਲ ਇੱਕ ਤਾਂ ਲੋਕਾਂ ਕੋਲ ਪੈਸੇ ਜਾਵੇਗਾ ਅਤੇ ਲੋਕ ਪੈਰਾਂ ਸਿਰ ਖੜੇ ਹੋਣਗੇ, ਉਥੇ ਬੈਂਕ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।ਉਨਾਂ ਕਿਹਾ ਕਿ ਬੈਂਕ ਪ੍ਰਧਾਨ ਮੰਤਰੀ ਜਨ-ਧਨ ਖਾਤੇ, ਕਿਸਾਨ ਕਰੈਡਿਟ ਕਾਰਡ ਅਤੇ ਰੁਪੈ ਕਾਰਡ ਵਿਚ ਹੋਰ ਵਾਧਾ ਕਰਨ, ਜਿਸ ਨਾਲ ਲੋਕ ਵਿੱਤੀ ਤੌਰ ‘ਤੇ ਮਜ਼ਬੂਤ ਹੋਣਗੇ।ਉਨਾਂ ਅੰਮ੍ਰਿਤਸਰ, ਬਰਨਾਲਾ ਅਤੇ ਫਤਿਹਗੜ੍ਹ੍ਹ ਸਾਹਿਬ ਜਿਲਿਆਂ ਦੇ ਬੈਂਕਾਂ ਵਲੋਂ ਆਪਣੇ ਮਿਥੇ ਟੀਚੇ ਅਨੁਸਾਰ ਕਰਜ਼ਾ ਦੇਣ ‘ਤੇ ਵਧਾਈ ਦਿੱਤੀ। ਸ੍ਰੀ ਕਰਦ ਨੇ ਕਿਹਾ ਕਿ ਬੈਂਕ ਸਹੀ ਅਰਥਾਂ ਵਿੱਚ ਲੋਕਾਂ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਆਸ਼ੇ ਦੀ ਪੂਰਤੀ ਲਈ ਹੀ ਕੰਮ ਕਰਨ ਦੀ ਲੋੜ ਹੈ।ਲੋਕਾਂ ਨਾਲ ਆਨਲਾਈਨ ਪੈਸੇ ਦੀਆਂ ਹੋ ਰਹੀਆਂ ਠੱਗੀਆਂ ਬਾਰੇ ਬੋਲਦੇ ਸ੍ਰੀ ਕਰਦ ਨੇ ਕਿਹਾ ਕਿ ਅਸੀਂ ਨਾਬਾਰਡ ਨਾਲ ਮਿਲ ਕੇ ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਇੱਕ-ਇੱਕ ਵਿੱਤੀ ਜਾਗਰੂਕਤਾ ਵੈਨ ਭੇਜ ਰਹੇ ਹਾਂ, ਜੋ ਕਿ ਲੋਕਾਂ ਨੂੰ ਵਿੱਤੀ ਤੌਰ ‘ਤੇ ਸ਼ਾਖਰ ਕਰਨਗੀਆਂ।
                   ਡਾ. ਭਗਵਤ ਕਰਦ ਦਾ ਸਵਾਗਤ ਕਰਦੇ ਵਿਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਾਡਾ ਕਿਸਾਨ ਦੇਸ਼ ਦੀ ਅੰਨ ਲੋੜਾਂ ਦੀ ਪੂਰਤੀ ਕਰਦਾ ਹੈ, ਪਰ ਇਸ ਵੇਲੇ ਖੇਤੀ ਮੁਨਾਫੇ ਦਾ ਧੰਦਾ ਨਹੀਂ ਰਹੀ, ਜਿਸ ਲਈ ਕੰਮ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਕਿਸਾਨ ਗਰੁੱਪਾਂ ਨੂੰ ਕਰਜ਼ਾ ਦੇ ਕੇ ਬੈਂਕ ਇਸ ਵਿਚ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਕਿਸਾਨ ਦੇ ਖੇਤੀ ਖਰਚੇ ਘੱਟ ਹੋਣਗੇ ਤੇ ਮੁਨਾਫਾ ਵਧੇਗਾ।ਉਨਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚੇ ਦੇ ਪੱਖ ਤੋਂ ਦੇਸ਼ ਦੇ ਸੂਬਿਆਂ ਤੋਂ ਬਹੁਤ ਅੱਗੇ ਹੈ, ਪਰ ਇਸ ਦੀ ਖੁਸ਼ਹਾਲੀ ਲਈ ਕੰਮ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਹਾਂ ਤੇ ਇਸ ਵੇਲੇ ਸਾਡਾ ਜ਼ਿਆਦਾ ਧਿਆਨ ਸਿੱਖਿਆ ਤੇ ਸਿਹਤ ਉਤੇ ਕੇਂਦਰਤ ਹੈ।ਵਧੀਕ ਮੁੱਖ ਸਕੱਤਰ ਵਿੱਤ ਕੇ.ਪੀ ਸਿਨਹਾ ਨੇ ਪੰਜਾਬ ਦੇ ਖੇਤੀ ਉਤਪਾਦ ਨੂੰ ਭੰਡਾਰ ਕਰਨ ਵਾਸਤੇ ਕੇਂਦਰ ਤੋਂ ਸਹਿਯੋਗ ਦੀ ਮੰਗ ਕੀਤੀ।ਉਨਾਂ ਕਿਹਾ ਕਿ ਅਸੀਂ ਚੌਲ ਖਾਂਦੇ ਨਹੀਂਂ, ਪਰ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਹਾਂ।ਇਸੇ ਤਰਾਂ ਕਣਕ ਆਪਣੀ ਲੋੜ ਤੋਂ ਕਿਤੇ ਵੱਧ ਪੈਦਾ ਕਰ ਰਹੇ ਹਾਂ, ਪਰ ਸਾਡੇ ਕੋਲ ਅਨਾਜ ਅਤੇ ਹੋਰ ਫਸਲਾਂ ਦੇ ਭੰਡਾਰ ਲਈ ਆਧੁਨਿਕ ਸਹੂਲਤਾਂ ਦੀ ਵੱਡੀ ਘਾਟ ਹੈ।
                   ਇਸ ਮੌਕੇ ਚੇਅਰਮੈਨ ਬੈਂਕਰ ਕਮੇਟੀ ਸਵਰੂਪ ਕੁਮਾਰ ਸਾਹਾ, ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਐਮ.ਕੇ ਮੱਲ, ਯੂ.ਆਈ.ਡੀ.ਆਈ ਦੇ ਡਿਪਟੀ ਡਾਇਰੈਕਟਰ ਮੈਡਮ ਭਾਵਨਾ ਗਰਗ, ਸੈਕਟਰੀ ਵਿਤ ਸ੍ਰੀਮਤੀ ਗਰਿਮਾ ਸਿੰਘ, ਜਨਰਲ ਮੈਨੇਜਰ ਨਾਬਾਰਡ ਰਘੂਨਾਥ ਬੀ, ਸਮੰਥਾ ਮੋਹੰਤੀ ਕਨਵੀਨਰ ਬੈਂਕਰ ਕਮੇਟੀ, ਐਮ.ਡੀ ਸਹਿਕਾਰੀ ਬੈਂਕ ਭਾਸਕਰ ਕਟਾਰੀਆ, ਲੀਡ ਬੈਂਕ ਮੈਨੇਜਰ ਪ੍ਰੀਤਮ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …