Sunday, May 19, 2024

ਸਿਹਤ ਦਾ ਦੁਸ਼ਮਣ- ਤੰਬਾਕੂ

          ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਲੰਬਸ ਦਾ ਜਹਾਜ ਸਮੁੰਦਰ ਕੱਛਦਾ ਇੱਕ ਧਰਤੀ ਨੂੰ ਜਾ ਲੱਗਾ, ਜਿਸ ਨੂੰ ਅਮਰੀਕਾ ਦੇ ਨਾ ਨਾਲ ਜਾਣਿਆ ਜਾਂਦਾ ਹੈ।ਉਸ ਦੇ ਮੂਲ ਵਾਸੀ ਤੰਬਾਕੂ ਦੀ ਖੇਤੀ ਵੀ ਸਦੀਆਂ ਤੋਂ ਕਰਦੇ ਸਨ।ਉਹ ਮਿੱਟੀ ਦੀਆਂ ਨਲਕੀਆਂ ਵਿੱਚ ਤੰਬਾਕੂ ਭਰ ਕੇ ਸੁਲਗਾ ਕੇ ਕੱਸ਼ ਲਗਾਉਂਦੇ ਸਨ।ਉਸ ਦੇ ਧੂਏਂ ਨੂੰ ਨਾਸਾਂ ਤੇ ਮੂੰਹ ਰਾਹੀਂ ਬਾਹਰ ਕੱਢਦੇ, ਉਸ ਦੇ ਲੱਛੇ  ਤੇ ਹੋਰ ਅਕ੍ਰਿਤੀਆਂ ਬਣਾਉਂਦੇ ਰਹਿੰਦੇ।ਕੋਲੰਬਸ ਇਸ ਤੋਂ ਹੈਰਾਨ ਹੋਇਆ ਤੇ ਉਸ ਨੂੰ ਵੀ ਇਹ ਲਤ ਲੱਗ ਗਈ।ਉਹ ਵਾਪਸੀ ਵੇਲੇ ਆਪਣੇ ਜਹਾਜ਼ ਵਿੱਚ ਇਸ ਦੇ ਬੀਜ਼ ਤੇ ਤੰਬਾਕੂ ਕਾਫੀ ਮਾਤਰਾ ਵਿੱਚ ਆਪਣੇ ਵਤਨ ਲੈ ਗਿਆ।ਸਪੇਨ ਦਰਬਾਰ ਵਿੱਚ ਇਹ ਸੁਗਾਤਾਂ ਪੇਸ਼ ਕੀਤੀਆਂ ਤੇ ਵਰਤੋਂ ਕਰ ਕੇ ਦਿਖਾਈ।ਸਾਰੇ ਦਰਬਾਰੀਆਂ ਨੇ ਇਸ ਦਾ ਆਨੰਦ ਮਾਣਿਆ।ਇਸ ਤਰ੍ਹਾਂ ਇਹ ਸਹਿਜੇ-ਸਹਿਜੇ ਸਾਰੇ ਦੇਸ਼ ਵਿੱਚ ਫੈਲ ਗਿਆ।ਇੱਕ ਸਦੀ ਵਿੱਚ ਸਾਰਾ ਯੂਰਪ ਇਸ ਦੀ ਲਪੇਟ ਵਿੱਚ ਆ ਗਿਆ।ਜਦੋਂ ਪੁਰਤਗਾਲੀ ਸਾਡੇ ਦੇਸ਼ ਆਏ ਤਾਂ ਉਹ ਵੀ ਇਹ ਸਾਡੇ ਦੇਸ਼ ਲੈ ਆਏ।17 ਵੀਂ ਸਦੀ ਤੱਕ ਇਹ ਕੋਹੜ ਸਾਰੇ ਪਾਸੇ ਹੀ ਫੈਲ ਗਿਆ।ਚੀਨ, ਅਮਰੀਕਾ, ਭਾਰਤ, ਬਰਾਜ਼ੀਲ ਵਿੱਚ ਇਸ ਦੀ ਪੈਦਾਵਾਰ ਹੁੰਦੀ ਹੈ। ਸਾਡੀ ਸਰਕਾਰ ਨੂੰ ਵਿਦੇਸ਼ੀ ਸਿੱਕੇ ਦੀ ਅਰਬਾਂ ਰੁਪਏ ਦੀ ਆਮਦਨ ਹੈ।ਇਸ ਦਾ ਬਿਆਲੋਜੀਕਲ ਨਾਮ ਨਿਕੋਟੀਆਨਾਂ (NICOTIANA) ਹੈ। ਇਸ ਨੂੰ ਕੀਟਨਾਸ਼ਕ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ।ਨਿਕੋਟੀਨ ਟਾਰਟਾਰੇਟ 21 ਪ੍ਰਕਾਰ ਦੇ ਜ਼ਹਿਰ ਪੈਦਾ ਕਰਦਾ ਹੈ।ਜਿਸ ਵਿੱਚੋਂ ਨਿੱਕੋਟੀਨ ਸਭ ਤੋਂ ਜ਼ਹਿਰੀਲੀ ਹੈ।ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਾਰੇ ਜਾ ਸਕਦੇ ਹਨ।ਇਸ ਦੇ ਵਰਤੋਂ ਨਾਲ ਨੱਕ, ਮੂੰਹ, ਬੁੱਲ੍ਹਾਂ, ਜੀਭ, ਗੁਰਦੇ ਤੇ ਫੇਫੜਿਆਂ ਨੂੰ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ।ਹੋਰ 30 ਤਰ੍ਹਾਂ ਦੀਆਂ ਬਿਮਾਰੀਆਂ ਲਗਦੀਆਂ ਹਨ।ਪੇਟ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ‘ਤੇ ਅਸਰ ਪੈਂਦਾ ਹੈ।ਤੰਬਾਕੂ ਦਾ ਬਹੁਤਾ ਹਿੱਸਾ ਦੇਸ਼ ਵਿੱਚ ਹੀ ਖਪਤ ਹੋ ਜਾਂਦਾ ਹੈ।ਇਸ ਦੀ ਸਿਗਰਟ, ਬੀੜੀ, ਹੁੱਕਾ, ਸਿਗਾਰ, ਚੁਰਟ, ਗੁੱਟਕਾ, ਬੀੜਾ, ਨਸਵਾਰ ਆਦਿ ਤੋਂ ਇਲਾਵਾ ਦੰਦ ਮੰਜ਼ਨ, ਦੰਦ ਪੇਸਟ ਵਿੱਚ ਵੀ ਵਰਤੋਂ ਹੁੰਦੀ ਹੈ।ਇਸ ਦੀ ਵਰਤੋਂ ਹਾਨੀਕਾਰਕ ਹੈ।ਇਹ ਖਾਣ-ਪੀਣ ਵਾਲੇ ਦੀ ਸਿਹਤ ਦਾ ਨੁਕਸਾਨ ਤਾਂ ਕਰਦਾ ਹੀ ਹੈ ਲਾਗੇ ਬੈਠੇ ਨੂੰ ਧੂਆਂ ਉਸ ਤੋਂ ਵੱਧ ਘਾਤਕ ਹੈ।ਇਸ ਨਾਲ ਸਾਹ ਦੇ ਰੋਗ ਲੱਗਦੇ ਹਨ।
             ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਸਜ਼ਾ ਯੋਗ ਅਪਰਾਧ ਹੈ।ਪਹਿਲੀ ਮਈ 2004 ਤੋਂ ਸਿਗਰਟ ਪੀਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ।ਸਰਕਾਰ ਵਲੋਂ ਨਿੱਕੀ ਉਮਰ ਦੇ ਬੱਚਿਆਂ ਨੂੰ ਇਸ ਦੀ ਵਿਕਰੀ ਦੀ ਮਨਾਹੀ ਕੀਤੀ ਗਈ ਹੈ।ਸਕੂਲ ਕਾਲਜਾਂ, ਮੇਨ ਸੜਕਾਂ, ਧਾਰਮਿਕ ਸਥਾਨਾ ਨਜ਼ਦੀਕ ਇਸ ਦੀ ਵਿਕਰੀ ਬੰਦ ਕੀਤੀ ਹੈ। ਸਿਨੇਮੇ, ਪੈਦਲ ਰਸਤੇ, ਪਬਲਿਕ ਜਗ੍ਹਾ, ਬੱਸ ਅੱਡੇ, ਬੱਸਾਂ, ਰੇਲਵੇ ਸਟੇਸ਼ਨਾਂ, ਗੱਡੀਆਂ ਵਿੱਚ ਪੀਣ ਤੇ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।ਪੋਸਟਰ ਵੀ ਲਗਾਏ ਗਏ ਹਨ ਕਿ ਇਸ ਦੀ ਵਰਤੋਂ ਹਾਨੀਕਾਰਕ ਹੈ।ਇਸ ਤੋਂ ਬੱਚਿਆ ਜਾਣਾ ਚਾਹੀਦਾ ਹੈ।
                  ਸਵਾਮੀ ਦਿਆਨੰਦ ਸਰਸਵਤੀ ਜੀ ਨੇ ਕਿਹਾ ਸੀ,” ਮੇਰੇ ਮ੍ਰਿਤਕ ਸਰੀਰ ਨੂੰ ਕੋਈ ਉਹ ਹੱਥ ਨਾ ਲਾਵੇ ਜਿਸ ਨੇ ਕਦੀ ਤੰਬਾਕੂ ਦਾ ਸੇਵਨ ਕੀਤਾ ਹੋਵੇ”।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ:- “ਜਗਤ ਜੂਠ ਤਮਾਕੂ ਨ ਸੇਵ”
               ਕਿਸੇ ਵੀ ਤਰ੍ਹਾਂ ਦਾ ਤਮਾਕੂ ਹੋਵੇ, ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਇਸ ਵਿੱਚ ਹੀ ਆਪਣੇ ਤੇ ਪਰਿਵਾਰ ਦੇ ਨਾਲ-ਨਾਲ ਸਭ ਦਾ ਭਲਾ ਹੈ। 3105202202

ਮਨਜੀਤ ਸਿੰਘ ਸੌਂਦ
ਮੋ: 9803761451

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …