Friday, June 21, 2024

`ਸ੍ਰੀ ਗੁਰੂ ਤੇਗ਼ ਬਹਾਦਰ ਜੀ: ਯਾਤਰਾਵਾਂ ਤੇ ਯਾਦ ਚਿੰਨ੍ਹ` ਕਾਫੀ ਟੇਬਲ ਬੁਕ ਲੋਕ ਅਰਪਣ

ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਲਗਾਤਾਰ ਜਾਰੀ ਰੱਖ ਰਹੀ ਹੈ – ਸੰਧਵਾਂ
ਅੰਮ੍ਰਿਤਸਰ, 4 ਅਗਸਤ (ਖੁਰਮਣੀਆਂ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਨੂੰ ਲਗਾਤਾਰ ਜਾਰੀ ਰੱਖ ਰਹੀ ਹੈ।ਉਹ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਕੌਫੀ ਟੇਬਲ ਬੁਕ ‘ਸ੍ਰੀ ਗੁਰੂ ਤੇਗ਼ ਬਹਾਦਰ ਜੀ: ਯਾਤਰਾਵਾਂ ਤੇ ਯਾਦ-ਚਿੰਨ੍ਹ’ ਅਤੇ `ਪੰਜਾਬੀ ਅੰਗਰੇਜ਼ੀ ਸ਼ਬਦਕੋਸ਼` ਦਾ ਲੋਕ ਅਰਪਣ ਕਰਨ ਹਿਤ ਇਥੇ ਪੁੱਜੇ ਸਨ।
                    ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਨਿਭਾਏ ਜਾ ਰਹੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੇ ਜਿਥੇ ਵੱਖ ਵੱਖ ਖੇਤਰਾਂ ਵਿਚ ਹਾਸਲ ਕੀਤੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕੀਤਾ ਉਥੇ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਇਖਤਿਆਰੀ ਖਾਤੇ ਵਿਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇਹ ਗੱਲ ਵੀ ਕਰਨਗੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਫੰਡਾਂ ਦੀ ਘਾਟ ਨਾ ਆਉਣ ਦਿੱਤੀ ਜਾਵੇ।
                 ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਸਤਵਾਂ ਪੇਸ਼ ਕਮਿਸ਼ਨ ਲੱਗਣ ਤੋਂ ਬਾਅਦ ਯੂਨੀਵਰਸਿਟੀ ਘਾਟੇ ਵਿਚ ਜਾ ਸਕਦੀ ਹੈ।ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ `ਤੇ ਇਸ ਨੂੰ ਅਤਿ ਲੋੜੀਂਦਾ ਦੋ ਸੌ ਕਰੋੜ ਰੁਪਏ ਫੰਡ ਜਾਰੀ ਕੀਤਾ ਜਾਵੇ ਜਿਸ `ਤੇ ਸੰਧਵਾਂ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਹਲਾਤਾਂ ਵਿਚ ਯੂਨੀਵਰਸਿਟੀ ਨੂੰ ਸਿਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਅੱਗੇ ਵਧਾਉਣ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
              ਵਿਧਾਇਕ ਜਸਬੀਰ ਸਿੰਘ ਸੰਧੂ, ਸਤਪਾਲ ਸਿੰਘ ਸੋਖੀ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਓ.ਐਸ.ਡੀ ਟੂ ਵਾਈਸ ਚਾਂਸਲਰ ਪ੍ਰੋ. ਹਰਦੀਪ ਸਿੰਘ, ਵਿਦਵਾਨ, ਵਿਦਿਆਰਥੀ, ਅਧਿਆਪਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸੰਧਵਾਂ ਨੇ ਇਸ ਮੌਕੇ ਜਿਥੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਇਸ ਕੌਫੀ ਟੇਬਲ ਬੁਕ ਦੀ ਰੱਜ਼ ਕੇ ਪ੍ਰਸੰਸਾ ਕੀਤੀ।ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਅਮਰਜੀਤ ਸਿੰਘ ਨੇ ਸਮਾਗਮ ਵਿਚ ਹਾਜ਼ਰ ਸਤਿਕਾਰਤ ਸ਼ਖਸੀਅਤਾਂ ਤੇ ਸ੍ਰੋਤਿਆਂ ਦਾ ਸੁਆਗਤ ਕਰਦਿਆਂ ਲੋਕ ਅਰਪਣ ਕੀਤੀ ਜਾ ਗਈ ਕੌਫੀ ਟੇਬਲ ਬੁਕ ਦੇ ਵਿਸਥਾਰ ਵਿਚ ਜਾਂਦਿਆਂ ਕਿਹਾ ਕਿ ਇਸ ਪੁਸਤਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧ ਨਿਸ਼ਾਨੀਆਂ, ਘਟਨਾਵਾਂ ਅਤੇ ਯਾਤਰਾਵਾਂ ਬਾਰੇ ਜਾਣਕਾਰੀ ਅਤੇ ਤਸਵੀਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀ ਇਹ ਵੀ ਖਾਸੀਅਤ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਬਹੁਤ ਸਾਰੀਆਂ ਜਾਣਕਾਰੀਆਂ ਇਸ ਵਿਚ ਪਹਿਲੀ ਵਾਰ ਸ਼ਾਮਿਲ ਕੀਤੀ ਗਈਆਂ ਹਨ।ਉਹਨਾਂ ਕੇਂਦਰ ਦੀ ਖੋਜ-ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਤੇ ਪ੍ਰਕਾਸ਼ਨਾਵਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।ਮਨਮੋਹਨ ਸਿੰਘ ਦਾ `ਪੰਜਾਬੀ ਅੰਗਰੇਜ਼ੀ ਸ਼ਬਦਕੋਸ਼` ਦਾ ਲੋਕ ਅਰਪਣ ਵੀ ਕੀਤਾ ਗਿਆ।ਇਥੇ ਇਹ ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ, ਜਿਨ੍ਹਾਂ ਨੇ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ, ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਨਾਨਾ ਜੀ ਸਨ।ਪ੍ਰੋ. ਜਸਪਾਲ ਸਿੰਘ ਸੰਧੂ ਨੇ ਆਪਣੇ ਉਦਘਾਟਨੀ ਸ਼ਬਦਾਂ ਵਿਚ ਯੂਨੀਵਰਸਿਟੀ ਦੀਆਂ ਅਕਾਦਮਿਕ, ਖੋਜ, ਕਲਾ ਤੇ ਖੇਡਾਂ ਦੇ ਖੇਤਰ ਵਿਚ ਕੀਤੀਆਂ ਸ਼ਾਲਾਘਾਯੋਗ ਪ੍ਰਾਪਤੀਆਂ ਬਾਰੇ ਦੱਸਿਆ।
                  ਡਾ. ਮਨਮੋਹਨ ਸਿੰਘ, ਆਈ.ਪੀ.ਐਸ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਜੀਵਨ ਫਲਸਫੇ ਬਾਰੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਕੋਈ ਸਧਾਰਨ ਘਟਨਾ ਨਹੀਂ, ਸਗੋਂ ਇਹ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ਦੀ ਇਕ ਅਦੁੱਤੀ ਘਟਨਾ ਸੀ। ਇਸ ਸ਼ਹਾਦਤ ਵਿਚ ਕਿਸੇ ਵਿਸ਼ੇਸ਼ ਫਿਰਕੇ ਦੇ ਧਾਰਮਿਕ ਚਿੰਨ੍ਹਾਂ ਦੀ ਰੱਖਿਆ ਤਕ ਸੀਮਤ ਨਹੀਂ, ਬਲਕਿ ਸਮੁਚੀ ਮਾਨਵਤਾ ਦੇ ਸੁਤੰਤਰ ਧਾਰਮਿਕ ਵਿਸ਼ਵਾਸਾਂ ਦੀ ਪ੍ਰਤੀਪਾਲਣਾ ਅਤੇ ਰੱਖਿਆ ਹੈ।ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ ਦਰਸ਼ਨ, ਵਿਚਾਰਧਾਰਕ ਫ਼ਲਸਫ਼ੇ ਅਤੇ ਵਿਵਹਾਰਕ ਜੀਵਨ ‘ਚ ਉਨ੍ਹਾਂ ਵਿਚਾਰਾਂ ਦੀ ਰੱਖਿਆ ‘ਚ ਆਪਣੀ ਸ਼ਹਾਦਤ ਨਾਲ ਇਹ ਸਥਾਪਿਤ ਕੀਤਾ ਹੈ ਕਿ ਧਰਮ ਹੇਤੁ (ਯੂਨੀਵਰਸਲ ਮੌਰਲ ਆਰਡਰ) ਸਾਧਿਆ ਮਨ ਹੀ ਸੰਤੁਲਿਤ ਜੀਵਨ ਦਾ ਆਧਾਰ ਬਣਦਾ ਹੈ ਜੋ ਮੌਤ ਜਿਹੀ ਚੁਣੌਤੀ ਸਨਮੁੱਖ ਸ਼ਹਾਦਤ ਨੂੰ ਸਵਿਕਾਰ ਕਰਦਾ ਹੈ।ਅਕਸਰ ਕਿਹਾ ਜਾਂਦੈ ਕਿ ਮਾਨਵਤਾ ਇਕ ਅਧੂਰਾ ਪ੍ਰੋਜੈਕਟ ਹੈ, ਪਰ ਇਸ ‘ਚ ਇਸ ਨੂੰ ਪੂਰੇ ਕੀਤੇ ਜਾ ਸਕਣ ਦੀਆਂ ਸੰਭਾਵਨਾਵਾਂ ਸਦਾ ਮੌਜ਼ੂਦ ਹੁੰਦੀਆਂ ਹਨ।
                ਪ੍ਰੋ. (ਡਾ.) ਅਮਰਜੀਤ ਸਿੰਘ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੇ ਦੱਸਿਆ ਕਿ ਇਹ ਪੁਸਤਕ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 400 ਸਾਲਾ ਸ਼ਤਾਬਦੀ ਪੁਰਬ ਮੌਕੇ ਵੱਖ-ਵੱਖ ਪ੍ਰੋਗਰਾਮਾਂ ਨੂੰ ਕਰਵਾਉਣ ਤੇ ਪੁਸਤਕ ਤਿਆਰ ਕਰਨ ਲਈ ਪ੍ਰਾਪਤ ਹੋਈ ਵਿਸ਼ੇਸ਼ ਗ੍ਰਾਂਟ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।
            ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਸੰਧਵਾਂ, ਵਿਧਾਇਕ ਜਸਬੀਰ ਸਿੰਘ ਸੰਧੂ ਅਤੇ ਡਾ. ਮਨਮੋਹਨ ਸਿੰਘ ਨੂੰ ਕਾਫੀ ਟੇਬਲ ਬੁਕ, ਸ਼ਾਲ ਅਤੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …