ਬੀ.ਕੇ.ਯੂ (ਲੱਖੋਵਾਲ) ਵਲੋਂ ਬਾਲਿਓਂ ਅਤੇ ਹਰਿਓਂ ਕਲਾਂ ਵਿਖੇ ਇਕਾਈ ਪ੍ਰਧਾਨ ਨਿਯੁੱਕਤ
ਸਮਰਾਲਾ, 11 ਅਗਸਤ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਦੇ ਸੂਬਾ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਮੰਜਾਲੀ ਕਲਾਂ ਅਤੇ ਕਿਸਾਨ ਆਗੂ ਹਰਪ੍ਰੀਤ ਸਿੰਘ ਸੰਧਰ ਬਾਲਿਓਂ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀਆਂ ਨੀਤੀਆਂ ਅਤੇ ਸੰਘਰਸ਼ੀ ਸਰਗਰਮੀਆਂ ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਇਕਾਈ ਪ੍ਰਧਾਨ ਨਿਯੁੱਕਤ ਕੀਤੇ ਜਾ ਰਹੇ ਹਨ।ਇਸੇ ਲੜ੍ਹੀ ਤਹਿਤ ਪਿੰਡ ਬਾਲਿਓਂ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਕਰਕੇ ਰਘਵੀਰ ਸਿੰਘ ਸੰਧਰ ਨੂੰ ਪਿੰਡ ਬਾਲਿਓਂ ਅਤੇ ਪਿੰਡ ਹਰਿਓਂ ਕਲਾਂ ਤੋਂ ਕਿਸਾਨ ਆਗੂ ਕਰਮ ਸਿੰਘ ਨੂੰ ਹਰਿਓਂ ਕਲਾਂ ਇਕਾਈ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਦੋਨਾਂ ਆਗੂਆਂ ਨੇ ਆਪੋ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਨੀਅਨ ਵਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਆਪਣੇ ਸੰਬੋਧਨ ਵਿੱਚ ਸੂਬਾ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਨੇ ਕਿਹਾ ਕਿ ਹੁਣ ਪੂਰੇ ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਾ ਅਧਾਰ ਬਣ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਕਿਸਾਨ ਅਤੇ ਮਜ਼ਦੂਰ ਇਸ ਯੂਨੀਅਨ ਨਾਲ ਜੁੜ ਰਹੇ ਹਨ।
ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਵਲੋਂ ਸੰਘਰਸ਼ੀ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਅਤੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕਰ ਦੇਣ ਦੇ ਸਬੰਧ ਵਿੱਚ 18, 19 ਅਤੇ 20 ਅਗਸਤ ਨੂੰ ਦੇਸ਼ ਦੀ 75ਵੀਂ ਵਰ੍ਹੇਗੰਢ ਮੌਕੇ 75 ਘੰਟੇ ਦਾ ਰੋਸ ਧਰਨਾ ਦਿੱਤਾ ਜਾ ਰਿਹਾ।ਇਹ ਧਰਨਾ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ, ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰਨ ਅਤੇ ਉਸ ਘਟਨਾ ਮੌਕੇ ਕਿਸਾਨਾਂ ਵਲੋਂ ਆਪਣੇ ਬਚਾਅ ਮੌਕੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਸਬੰਧੀ ਮੰਗ ਕੀਤੀ ਜਾਵੇਗੀ।ਉਨ੍ਹਾਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਦੇ ਸਬੰਧ ਵਿੱਚ 17 ਅਗਸਤ ਨੂੰ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਜਥੇ ਰਵਾਨਾ ਹੋਣ।ਉਨਾਂ ਆਮ ਲੋਕਾਂ ਨੂੰ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।
ਅੱਜ ਵੱਖ ਵੱਖ ਇਕਾਈ ਪ੍ਰਧਾਨ ਬਣਾਏ ਜਾਣ ਮੌਕੇ ਹਰਪ੍ਰੀਤ ਸਿੰਘ ਬਾਲਿਓਂ, ਦਲਜੀਤ ਸਿੰਘ ਸੰਧਰ, ਕੁਲਵੰਤ ਸਿੰਘ ਸੰਧਰ, ਮਾਸਟਰ ਪਰਮਜੀਤ ਸਿੰਘ, ਪਰਗਟ ਸਿੰਘ ਬਾਲਿਓਂ, ਨਰੰਗ ਸਿੰਘ ਬਾਲਿਓਂ, ਮਹਿੰਦਰ ਸਿੰਘ ਬਾਲਿਓਂ, ਪ੍ਭਵੀਰ ਸਿੰਘ ਸੋਹੀ, ਸੰਦੀਪ ਸਿੰਘ ਬਾਲਿਓਂ, ਨਰਿੰਦਰ ਸਿੰਘ ਹਰਿਓ ਕਲਾਂ, ਸਵਰਨ ਸਿੰਘ ਹਰਿਓ ਕਲਾਂ, ਵਰਿੰਦਰ ਸਿੰਘ ਹਰਿਓ ਕਲਾਂ ਆਦਿ ਤੋਂ ਇਲਾਵਾ ਉਕਤ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਹਾਜਰ ਸਨ।