ਅੰਮ੍ਰਿਤਸਰ, 16 ਅਗਸਤ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਅਤੇ ਉਸ ਦੀਆਂ ਹਮ-ਖ਼ਿਆਲ ਜੰਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਦੇ ਸਾਂਝੇ ਯਤਨਾਂ ਨਾਲ 27ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ 14 ਅਗਸਤ 2022 ਨੂੰ ਅੰਮ੍ਰਿਤਸਰ ਨਾਟਸ਼ਾਲਾ ਵਿਖੇ ਕਰਵਾਇਆ ਗਿਆ।ਇਸ ਸਬੰਧ ਵਿੱਚ ਸੈਮੀਨਾਰ, ਸੂਫ਼ੀ ਸੰਗੀਤ ਦਾ ਪ੍ਰੋਗਰਾਮ ਅਤੇ ਰਾਤ ਵੇਲੇ ਅਟਾਰੀ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾਈਆਂ ਗਈਆਂ।ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੇਖਕ, ਬੁੱਧੀਜੀਵੀ, ਪੱਤਰਕਾਰ, ਵਿਦਵਾਨ ਅਤੇ ਸ਼ਾਂਤੀਦੂਤਾਂ ਨੇ ਸ਼ਿਰਕਤ ਕੀਤੀ।ਵਿਦਵਾਨ ਬੁਲਾਰਿਆਂ ਨੇ ਹਿੰਦ-ਪਾਕਿ ਦੋਸਤੀ, ਲੋਕਾਂ ਦੇ ਮੇਲ-ਮਿਲਾਪ, ਵਪਾਰ ਅਤੇ ਸਾਹਿਤ ਦੇ ਅਦਾਨ-ਪ੍ਰ੍ਰਦਾਨ ’ਤੇ ਜ਼ੋਰ ਦਿੱਤਾ।ਇਸ ਸਮਾਗਮ ਵਿੱਚ ਆਗਾਜ਼-ਏ-ਦੋਸਤੀ ਯਾਤਰਾ ਦੇ ਮੈਂਬਰਾਨ ਅਤੇ ਕਾਰਕੰੁਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਇਸ ਸੰਸਥਾ ਦੀ ਨੀਂਹ 2012 ਵਿੱਚ ਰਵੀ ਨਿਤੀਸ਼ ਨੇ ਰੱਖੀ ਸੀ।ਸੰਸਥਾ ਵਲੋਂ ਦੋਸਤੀ ਯਾਤਰਾ ਦਾ ਆਰੰਭ ਸਿਰਮੋਰ ਪੱਤਰਕਾਰ ਕੁਲਦੀਪ ਨਈਅਰ ਦੁਆਰਾ ਕੀਤਾ ਗਿਆ ਸੀ।
ਆਗਾਜ਼-ਏ-ਦੋਸਤੀ ਸੰਸਥਾ ਦੇ ਮੌਜ਼ੂਦਾ ਚੇਅਰਮੈਨ ਦੀਪਕ ਕਥੂਰੀਆ ਦੀ ਅਗਵਾਈ ਵਿੱਚ ਇਸ ਦੇ ਮੈਂਬਰਾਂ ਅਤੇ ਕਾਰਕੁਨਾਂ ਨੇ ਭਰਪੂਰ ਉਤਸ਼ਾਹ ਨਾਲ ਆਪਣਾ ਹਿੱਸਾ ਪਾਇਆ।ਸੰਸਥਾ ਵਲੋਂ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਪ੍ਰੋ. ਜਗਮੋਹਨ ਸਿੰਘ ਦਾ ਸਨਮਾਨ ਕੀਤਾ।ਦੋਹਾਂ ਸ਼ਖ਼ਸੀਅਤਾਂ ਨੂੰ ਕੁਲਦੀਪ ਨਈਅਰ ਅਮਨ ਦੋਸਤੀ ਐਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਵਾਲੀ ਟੀਮ ਵਿੱਚ ਸੰਸਥਾ ਦੇ ਚੇਅਰਮੈਨ ਦੀਪਕ ਕਥੂਰੀਆ, ਨੀਲਮ ਬੰਜ਼ਾਰਾ, ਕਵਿਤਾ, ਕਲਾਵਤੀ ਏਕਤਾ ਅਤੇ ਰਾਧਿਕਾ ਮੌਜ਼ੂਦ ਸਨ।
ਦੀਪਕ ਨੇ ਕਿਹਾ ਕਿ ਸਨਮਾਨਿਤ ਹੋਣ ਵਾਲੀਆਂ ਦੋਹਾਂ ਸ਼ਖਸੀਅਤਾਂ ਰਮੇਸ਼ ਯਾਦਵ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੋਹੇਂ ਪਿਛਲੇ 27 ਸਾਲਾਂ ਤੋਂ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਪ੍ਰੇਮ-ਪਿਆਰ ਵਿਚਾਰਾਂ, ਵਪਾਰ ਤੇ ਸਾਹਿਤ ਦੇ ਆਦਾਨ-ਪ੍ਰਦਾਨ ਨੂੰ ਪ੍ਰਫੁਲਿਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ।ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਪਿਛਲੇ 27 ਸਾਲਾਂ ਤੋਂ ਉਚ-ਪੱਧਰੀ ਸੈਮੀਨਾਰ, ਵਰਕਸ਼ਾਪ, ਸੰਗੀਤਕ ਪ੍ਰੋਗਰਾਮ ਕਰਵਾ ਕੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਯਤਨ ਕਰਦੀ ਆ ਰਹੀ ਹੈ।
Check Also
ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …