ਕਿਹਾ, ਇੰਡੀਆ ਗੇਟ ਦਾ ਨਾਮ ਦਰਵਾਜਾ ਸ਼ਾਮ ਸਿੰਘ ਅਟਾਰੀਵਾਲਾ ਰੱਖਿਆ ਜਾਵੇ
ਅੰਮਿਤਸਰ, 16 ਅਗਸਤ (ਸੁਖਬੀਰ ਸਿੰਘ) – ਨਾਮਧਾਰੀ ਸੰਗਤ ਵਲੋਂ 15 ਅਗਸਤ ਦਾ ਦਿਨ ਅਜ਼ਾਦੀ ਘੁਲਾਟੀਆਂ ਲਈ ਸਰਕਾਰ ਕੋਲੋਂ ਰਾਸ਼ਟਰੀ ਯਾਦਗਾਰੀ ਸਮਾਰਕ ਬਨਾਉਣ ਦੀ ਮੰਗ ਦੇ ਨਾਲ ਬਲੀਦਾਨਾਂ ਦੀ ਮਹਾਨ ਵਿਰਾਸਤ ਸੰਭਾਲਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਮਨਾਇਆ।ਨਾਮਧਾਰੀ ਸੰਗਤ ਦੇ ਪ੍ਰਤੀਨਿਧੀ ਹਰਪਾਲ ਸਿੰਘ ਨੇ ਕਿਹਾ ਕਿ ਜੰਗ ਏ ਅਜਾਦੀ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਤੋਂ ਪ੍ਰੇਰਣਾ ਲੈ ਕੇ ਹਜਾਰਾਂ ਨਾਮਧਾਰੀ ਸਿੰਘ ਦੇਸ਼ ਲਈ ਸ਼ਹੀਦ ਹੋ ਗਏ।ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਅਜ਼ਾਦ, ਰਾਜਗੁਰੂ ਸੁਖਦੇਵ ਵਰਗੇ ਅਨੇਕਾਂ ਸੂਰਮੇ ਕੁਰਬਾਨ ਹੋ ਕੇ ਦੇਸ਼ ਅਜ਼ਾਦ ਕਰਾ ਗਏ।ਤਿਰੰਗਾ ਸਾਡੀ ਸ਼ਾਨ ਹੈ।ਤਿਰੰਗੇ ਨੂੰ ਆਪਣੀ ਸ਼ਹਾਦਤ ਦਾ ਰੰਗ ਦੇਣ ਵਾਲਿਆਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਤੇ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਣਾ, ਉਨ੍ਹਾਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਜ਼ਿਉਂਦਾ ਰੱਖਣਾ ਹੈ।ਇਸ ਕਰਕੇ ਰਾਸ਼ਟਰੀ ਯਾਦਗਾਰੀ ਇਮਾਰਤ ਜਾਂ ਸਮਾਰਕ ਬਣਾਇਆ ਜਾਵੇ, ਜਿਸ ਤੇ ਸੁਤੰਤਰਤਾ ਸੇਨਾਨੀਆਂ ਦੇ ਨਾਮ ਲਿਖੇ ਹੋਣ ਅਤੇ ਜਿਸ ‘ਤੇ ਸਾਨੂੰ ਮਾਣ ਹੋਵੇ।
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਪਿਛਲੇ ਸੱਤ ਸਾਲਾਂ ਤੋਂ ਇਸ ਲਈ ਯਤਨਸ਼ੀਲ ਹਨ।ਉਨ੍ਹਾਂ ਕਿਹਾ ਕਿ ਗੁਲਾਮੀ ਮਹਿਸੂਸ ਕਰਾਉਂਦੇ ਅੰਗ੍ਰੇਜ਼ਾਂ ਵਲੋਂ ਬਣਾਏ ਸਮਾਰਕਾਂ, ਚੌਕਾਂ-ਸੜਕਾਂ ਦੇ ਅੰਗੇਜ਼ਾਂ ਦੇ ਨਾਵਾਂ ‘ਤੇ ਰੱਖੇ ਹੋਏ ਨਾਵਾਂ ਨੂੰ ਬਦਲ ਕੇ ਸ਼ਹੀਦਾਂ ਦੇ ਨਾਵਾਂ ‘ਤੇ ਰੱਖਿਆ ਜਾਵੇ।ਅੰਮ੍ਰਿਤਸਰ ਦੇ ਇੰਡੀਆ ਗੇਟ ਦਾ ਨਾਮ ਦਰਵਾਜਾ ਸ਼ਾਮ ਸਿੰਘ ਅਟਾਰੀਵਾਲਾ ਰੱਖਿਆ ਜਾਵੇ।ਨਾਮਧਾਰੀ ਸੰਗਤ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਜੁੜ ਕੇ ਅਜਾਦੀ ਪਰਵਾਨਿਆਂ ਨੂੰ ਸੱਚੀ ਸ਼ਰਧਾਂਜਲੀ ਦੇ ਕੇ ਆਪਣਾ ਫਰਜ਼ ਨਿਭਾਈਏ।
ਇਸ ਮੌਕੇ ਨਾਮਧਾਰੀ ਸ਼ਹੀਦ ਹਾਕਮ ਸਿੰਘ ਪਟਵਾਰੀ ਦੇ ਪਰਿਵਾਰਿਕ ਮੈਂਬਰ ਅਤੇ ਗੁਰਦੇਵ ਸਿੰਘ ਜੱਜ, ਲਾਲ ਸਿੰਘ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ, ਸੰਤੋਖ ਸਿੰਘ, ਜਗਪ੍ਰੀਤ ਸਿੰਘ ਸਵਰਨ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ।