Monday, December 23, 2024

ਕੇਵਲ ਧਾਲੀਵਾਲ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 6 ਦਸੰਬਰ ਤੋਂ 15 ਦਸੰਬਰ ਤੱਕ

PPN0512201402

ਅੰਮ੍ਰਿਤਸਰ,  05 ਦਸੰਬਰ (ਰੋਮਿਤ ਸ਼ਰਮਾ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਆਪਣੇ ਨਾਟ-ਗਰੁੱਪ ਮੰਚ-ਰੰਗਮੰਚ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਨਾਟ ਉਤਸਵ ਵਿਰਸਾ ਵਿਹਾਰ ਅੰਮ੍ਰਿਤਸਰ, ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਵਿਭਾਗ ਭਾਰਤ ਸਰਕਾਰ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਅਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ 10 ਰੋਜ਼ਾ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਨਾਮਵਰ ਨਾਟ ਟੀਮਾਂ ਹਿੱਸਾ ਲੈਣਗੀਆਂ। ਇਸ ਨਾਟ ਉਤਸਵ ਦਾ ਉਦਘਾਟਨ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਜੀ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਆਰਟਸ ਕੌਂਸਲ ਦੇ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਡਾ. ਅਮਨਦੀਪ ਕੌਰ, ਡਾ. ਨਵਪ੍ਰੀਤ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਐਸ. ਡੀ. ਐਮ 1 ਰੋਹਿਤ ਗੁਪਤਾ ਵੀ ਆਉਣਗੇ। ਕੇਵਲ ਧਾਲੀਵਾਲ ਵੱਲੋਂ ਕਰਵਾਏ ਹੁਣ ਤੱਕ ਦੇ ਪਿਛਲੇ ਗਿਆਰਾਂ ਨੈਸ਼ਨਲ ਥੀਏਟਰ ਫੈਸਟੀਵਲਾਂ ਵਿੱਚ ਹਿੰਦੁਸਤਾਨ ਦੀਆਂ 100 ਤੋਂ ਵੱਧ ਨਾਮਵਰ ਨਾਟ ਸੰਸਥਾਵਾਂ ਵੱਲੋਂ ਪ੍ਰਸਿੱਧ ਨਾਟ-ਨਿਰਦੇਸ਼ਕਾਂ ਦੇ ਨਾਟਕ ਅੰਮ੍ਰਿਤਸਰ ਵਿਖੇ ਕਰਵਾਏ ਜਾ ਚੁੱਕੇ ਹਨ। ਨੈਸ਼ਨਲ ਥੀਏਟਰ ਫੈਸਟੀਵਲ ਦਾ ਵੇਰਵਾ ਇਸ ਪ੍ਰਕਾਰ ਹੈ। ਮਿਤੀ 06-12-14 ਨੂੰ ਪਹਿਲੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤਸਵੀਰਾਂ’ ਖੇਡਿਆ ਜਾਵੇਗਾ। ਮਿਤੀ 07-14-14 ਨੂੰ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਡਾ. ਜਸਪਾਲ ਕੌਰ ਦਿਓਲ ਦਾ ਨਿਰੇਦਸ਼ਤ ਕੀਤਾ ਨਾਟਕ ‘ਕਾਮਾ-ਗਾਟਾ ਮਾਰੂ 1914’ (ਇੱਕ ਜ਼ਖਮੀ ਪਰਵਾਜ) ਖੇਡਿਆ ਜਾਵੇਗਾ। ਮਿਤੀ 08-12-14 ਨੂੰ ਤੀਸਰੇ ਦਿਨ ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ਦਾ ਨਿਰਦੇਸ਼ਤ ਕੀਤਾ ਨਾਟਕ ‘ਇੱਕ ਹੋਰ ਗ਼ਦਰ’ ਖੇਡਿਆ ਜਾਵੇਗਾ। 09-12-14-ਨੂੰ ਚੌਥੇ ਦਿਨ ਅਭਿਨਵ ਰੰਗਮੰਡਲ ਉਜੈਨ ਦੀ ਟੀਮ ਵੱਲੋਂ ਸ੍ਰੀ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਕਰਨਭਾਰਮ’ ਖੇਡਿਆ ਜਾਵੇਗਾ। ਮਿਤੀ 10-12-14 ਨੂੰ ਪੰਜਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਕੋਰਟ ਮਾਰਸ਼ਲ’ ਖੇਡਿਆ ਜਾਵੇਗਾ। ਮਿਤੀ 11-12-14 ਨੂੰ ਛੇਵੇਂ ਦਿਨ ਯੁਨੀਕੋਰਨ ਐਕਟਰਸ ਸਟੂਡੀਓ ਦਿੱਲੀ ਦੀ ਟੀਮ ਵੱਲੋਂ ਤ੍ਰਿਪੁਰਾਰੀ ਸ਼ਰਮਾ ਦਾ ਨਿਰਦੇਸ਼ਤ ਨਾਟਕ ‘ਮੇਅ ਬੀ ਦਿਸ ਸਮਰ’ ਖੇਡਿਆ ਜਾਵੇਗਾ। ਮਿਤੀ 12-12-14- ਨੂੰ ਸਤਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’ ਖੇਡਿਆ ਜਾਵੇਗਾ। ਮਿਤੀ 13-12-14 ਨੂੰ ਅਠਵੇਂ ਦਿਨ ਕਲਾਕਸ਼ੇਤਰਾ ਮਨੀਪੁਰ ਦੀ ਟੀਮ ਵੱਲੋਂ ਪਦਮ ਸ੍ਰੀ ਨਿਰਦੇਸ਼ਕ ਕਨਹਈ ਲਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਡਾਕ ਘਰ’ ਖੇਡਿਆ ਜਾਵੇਗਾ। ਮਿਤੀ 14-12-14 ਨੂੰ ਨੌਵੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਪੁਲ-ਸਿਰਾਤ’ ਖੇਡਿਆ ਜਾਵੇਗਾ। 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਮਿਤੀ 15-12-14 ਨੂੰ ਦਸਵੇਂ ਦਿਨ ਰੰਗਕਰਮੀ ਕੋਲਕਾਤਾ ਦੀ ਟੀਮ ਵੱਲੋਂ ਪ੍ਰਸਿੱਧ ਨਿਰਦੇਸ਼ਕਾ ਊਸ਼ਾ ਗਾਂਗੂਲੀ ਦੀ ਨਿਰਦੇਸ਼ਨਾ ਹੇਠ ‘ਹਮ-ਮੁਖਤਾਰਾ’ ਖੇਡਿਆ ਜਾਵੇਗਾ। ਇਹ ਸਾਰੇ ਨਾਟਕ ਸ਼ਾਮ ਨੂੰ 6.00 ਵਜੇ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਬਿਨ੍ਹਾਂ ਕਿਸੇ ਪਾਸ ਅਤੇ ਟਿਕਟ ਦੇ ਵਿਖਾਏ ਜਾਣਗੇ। ਦਰਸ਼ਕਾਂ ਅਤੇ ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply