Wednesday, December 4, 2024

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ` ਵਲੋਂ ਬਿਜਲੀ ਮੰਤਰੀ ਨੂੰ ਰੋਸ ਪੱਤਰ ਦੇਣ ਦਾ ਐਲਾਨ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ ) – `ਪੰਜਾਬ-ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ` ਜਿਲ੍ਹਾ ਅੰਮ੍ਰਿਤਸਰ ਦੀ ਇੱਕ ਜਰੂਰੀ ਮੀਟਿੰਗ ਸੁਖਦੇਵ ਰਾਜ ਕਾਲੀਆ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰੀਸ਼ਦ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ।ਜਿਸ ਵਿੱਚ ਸਾਂਝੇ ਫਰੰਟ ਵਲੋਂ 7 ਅਗਸਤ ਦੀ ਸੂਬਾਈ ਕਨਵੈਨਸ਼ਨ ਵਿੱਚ ਕੀਤੇ ਗਏ ਫੈਸਲੇ ਅਨੁਸਾਰ ਮਿਤੀ 21 ਅਗਸਤ (ਐਤਵਾਰ) ਨੂੰ 10 ਵਜੇ ਬਿਜਲੀ ਮੰਤਰੀ ਹਰਭਜਨ ਸਿੰਘ ਨੂੰ ਜੰਡਿਆਲਾ ਗੁਰੂ ਵਿਖੇ ਇੱਕ ਵਿਸ਼ਾਲ ਵਫ਼ਦ ਰਾਹੀਂ ਰੋਸ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
                 ਮੀਟਿੰਗ ਨੂੰ ਜਿਲ੍ਹਾ ਕਨਵੀਨਰਜ਼ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਰਾਮ ਲੁਭਾਇਆ, ਜੋਗਿੰਦਰ ਸਿੰਘ ਤੋਂ ਇਲਾਵਾ ਜਰਮਨਜੀਤ ਸਿੰਘ ਛੱਜ਼ਲਵੱਡੀ, ਕੰਵਲਜੀਤ ਸਿੰਘ, ਬੋਬਿੰਦਰ ਸਿੰਘ ਅਤੇ ਮਦਨ ਲਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜ਼ੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਆਪਣੀ ਸੰਗਰੂਰ ਸਥਿਤ ਰਿਹਾਇਸ਼ `ਤੇ ਸਾਂਝੇ ਫਰੰਟ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ `ਤੇ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼਼ਮਾਂ `ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਭੱਤੇ ਅਤੇ ਏ.ਸੀ.ਪੀ ਬਹਾਲ ਕੀਤੇ ਜਾਣਗੇ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼਼ਤਾਂ ਜਾਰੀ ਕੀਤੀਆਂ ਜਾਣਗੀਆਂ।ਆਗੂਆਂ ਨੇ ਕਿਹਾ ਕਿ ਅਜੇ ਤੱਕ ਸਰਕਾਰ ਵਲੋਂ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ।ਜਿਸ ਕਾਰਨ ਉਨਾਂ ਨੂੰ ਮੁੜ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ।
               ਆਗੂਆਂ ਨੇ ਕਿਹਾ ਕਿ 21 ਅਗਸਤ ਨੂੰ ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈ.ਟੀ.ਓ, ਚੇਤਨ ਸਿੰਘ ਜੌੜਾ ਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਡਾ. ਬਲਜੀਤ ਕੌਰ, ਗਗਨ ਅਨਮੋਲ ਮਾਨ ਅਤੇ 28 ਅਗਸਤ ਨੂੰ ਲਾਲ ਚੰਦ ਕਟਾਰੂਚੱਕ, ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੇ ਘਰਾਂ ਮੂਹਰੇ ਸੈੰਕੜਿਆਂ ਦੀ ਗਿਣਤੀ ਵਿੱਚ ਪੁੱਜ ਕੇ ਰੋਸ ਪੱਤਰ ਸੌਂਪੇ ਜਾਣਗੇ। ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਂਝੇ ਫਰੰਟ ਦੇ ਆਗੂਆਂ ਨਾਲ ਬੈਠ ਕੇ ਇਹਨਾਂ ਮੰਗਾਂ ਤੇ ਕੋਈ ਠੋਸ ਫੈਸਲਾ ਨਾ ਲਿਆ ਤਾਂ 10 ਸਤੰਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾ ਰੈਲੀ ਕੀਤੀ ਜਾਵੇਗੀ ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …