Thursday, December 26, 2024

ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ, ਨਿਸ਼ਾਨਚੀ ਤੇ ਨਗਾਰਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਇਸ਼ਟ ਹਨ ਅਤੇ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਪਾਵਨ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰੇ।ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਪਣੇ ਹੱਥੀਂ ਸੰਨ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਕੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ।ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਸੇਵਾ ਸੰਭਾਲ ਦੀਆਂ ਸੇਵਾਵਾਂ ਦਿੱਤੀਆਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਮਰਯਾਦਾ ਕਾਇਮ ਕੀਤੀ, ਜੋ ਨਿਰੰਤਰ ਜਾਰੀ ਹੈ।ਉਨ੍ਹਾਂ ਆਖਿਆ ਕਿ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਰਵਾਇਤਾਂ ਅਨੁਸਾਰ ਇਕੱਤਰ ਹੁੰਦੀਆਂ ਹਨ ਅਤੇ ਆਪਣੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ। ਇਸੇ ਤਹਿਤ ਹੀ ਪ੍ਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਜਾਂਦਾ ਹੈ, ਕਿਉਂਕਿ ਪਹਿਲੇ ਪ੍ਰਕਾਸ਼ ਮੌਕੇ ਗੁਰੂ ਸਾਹਿਬ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿਚ ਪਾਵਨ ਸਰੂਪ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਕੇ ਗਏ ਸਨ।
ਨਗਰ ਕੀਰਤਨ ਸਮੇਂ ਸਿੱਖ ਨੌਜੁਆਨਾਂ ਨੇ ਗਤਕਾ ਪ੍ਰਦਰਸ਼ਨ ਕੀਤਾ ਅਤੇ ਸ਼ਬਦੀ ਜਥਿਆਂ ਨੇ ਸ਼ਬਦ ਗਾਇਨ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸੇ ਦੌਰਾਨ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ।ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਸਵਰਨ ਕੌਰ ਤੇੜਾ, ਭਾਈ ਅਜਾਇਬ ਸਿੰਘ ਅਭਿਆਸੀ, ਬਿਕਰਮਜੀਤ ਸਿੰਘ ਕੋਟਲਾ, ਕੁਲਦੀਪ ਸਿੰਘ ਤੇੜਾ, ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਡੀਸੀਪੀ ਪ੍ਰਮਿੰਦਰ ਸਿੰਘ ਭੰਡਾਲ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ, ਬਿਜੈ ਸਿੰਘ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਹਰਜਿੰਦਰ ਸਿੰਘ ਕੈਰੋਂਵਾਲ, ਗੁਰਮੀਤ ਸਿੰਘ ਬੁੱਟਰ, ਗੁਰਿੰਦਰ ਸਿੰਘ ਮਥਰੇਵਾਲ, ਗੁਰਚਰਨ ਸਿੰਘ ਕੁਹਾਲਾ, ਪਰਮਜੀਤ ਸਿੰਘ, ਸਾਬਕਾ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਬਘੇਲ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ ਰਿਆੜ, ਇਕਬਾਲ ਸਿੰਘ ਮੁਖੀ, ਜਸਪਾਲ ਸਿੰਘ ਢੱਡੇ ਸਮੇਤ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …