Wednesday, June 18, 2025
Breaking News

ਸਰਹੱਦੀ ਖੇਤਰ ‘ਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ‘ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ਼ ਹੋਵੇ – ਰਾਜਪਾਲ

ਕਿਹਾ, ਤੋੜਿਆ ਜਾਵੇਗਾ ਅਪਰਾਧੀਆਂ ਅਤੇ ਪੁਲਿਸ ਕਰਮੀਆਂ ਦਾ ਗੱਠਜੋੜ

ਅੰਮ੍ਰਿਤਸਰ, 12 ਸਤੰਬਰ (ਖੁਰਮਣੀਆਂ) – ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅਤੇ ਤਰਨ ਤਾਰਨ ਜਿਲ੍ਹਿਆਂ ਦੇ ਸਰਹੱਦੀ ਪੱਟੀ ਦੇ ਸਰਪੰਚਾਂ ਨਾਲ ਗੱਲਬਾਤ ਕਰਦੇ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਨੂੰ ਰੋਕਣ ਲਈ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਤੁਸੀਂ ਇਨਾਂ ਮੁੱਦਿਆਂ ’ਤੇ ਸਰਕਾਰ ਦਾ ਸਾਥ ਦਿਓ ਤਾਂ ਇਹ ਕੁਰੀਤੀਆਂ ਕੁੱਝ ਦਿਨਾਂ ਵਿੱਚ ਹੀ ਜੜੋਂ ਪੁੱਟੀਆਂ ਜਾ ਸਕਦੀਆਂ ਹਨ।ਉਨਾਂ ਇਸ ਇਲਾਕੇ ਵਿੱਚ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਉਤੇ ਵੀ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ ਧ੍ਰੋਹ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ, ਕਿਉਂਕਿ ਇਸ ਮਾਈਨਿੰਗ ਨਾਲ ਸਰਹੱਦ ਉਤੇ ਬਣੇ ਫੌਜ ਦੇ ਮੋਰਚੇ, ਬੰਕਰ ਅਤੇ ਪੁੱਲਾਂ ਤੱਕ ਨੂੰ ਨੁਕਸਾਨ ਹੋ ਰਿਹਾ ਹੈ, ਜੋ ਕਿ ਰਾਸ਼ਟਰ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ।ਉੁਨਾਂ ਪੰਜਾਬ ਦੇ ਬਹਾਦਰ ਲੋਕਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਤੁਹਾਡੇ ਅੱਗੇ ਸਮਗਲਿੰਗ ਅਤੇ ਮਾਈਨਿੰਗ ਵਰਗੀਆਂ ਕੁਰੀਤੀਆਂ ਖ਼ਤਮ ਕਰਨੀਆਂ ਕੋਈ ਵੱਡੀ ਗੱਲ ਨਹੀਂ।ਬਸ਼ਰਤੇ ਕਿ ਤੁਹਾਡਾ ਧਿਆਨ ਇਸ ਬਹੁਤ ਵੱਡੇ ਖ਼ਤਰੇ ਵੱਲ ਹੋ ਜਾਵੇ।ਉਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਕਿ ਉਹ ਸਰਹੱਦੀ ਖੇਤਰ ਦੇ 6 ਜਿਲ੍ਹਿਆਂ ਵਿੱਚ ਨਾਗਰਿਕ ਸੁਰੱਖਿਆ ਕਮੇਟੀਆਂ ਬਣਾਉਣ, ਜੋ ਕਿ ਆਪਣੇ-ਆਪਣੇ ਇਲਾਕੇ ਵਿੱਚ ਸਮਾਜਿਕ ਮੁੱਦਿਆਂ ‘ਤੇ ਕੰਮ ਕਰਨ।ਸਰਹੱਦੀ ਖੇਤਰ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਰਾਜਪਾਲ ਪੰਜਾਬ ਨੇ ਨੌਜਵਾਨਾਂ ਨੂੰ ਫੌਜ ਦੀ ਅਗਨੀਪਥ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਪੰਜ ਸਾਲ ਦੌਰਾਨ ਅਗਨੀਪਥ ਵਿੱਚ ਸੇਵਾ ਕਰਨ ਨਾਲ ਤੁਸੀਂ ਫੌਜ ਦਾ ਅਨੁਸ਼ਾਸ਼ਨ ਅਤੇ ਉਹ ਸਿੱਖਿਆ ਲਵੋਗੇ ਜੋ ਕਿ ਤੁਹਾਡੇ ਭਵਿੱਖ ਨੂੰ ਰੌਸ਼ਨ ਕਰਨ ਲਈ ਜ਼ਰੂਰੀ ਹੈ।ਇਨਾਂ ਪੰਜ ਸਾਲਾਂ ਮਗਰੋਂ ਕੁੱਝ ਨੌਜਵਾਨ ਤਾਂ ਫੌਜ ਵਿੱਚ ਹੀ ਸਥਾਈ ਸੇਵਾ ਲਈ ਚੁਣੇ ਜਾਣਗੇ ਅਤੇ ਬਾਕੀ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਲਈ ਤਿਆਰ ਹੋ ਜਾਣਗੇ।
ਰਾਜਪਾਲ ਨੇ ਕਿਹਾ ਕਿ ਸਰਹੱਦ ਪਾਰੋਂ ਸਮੱਗਲਿੰਗ ਸਾਡੇ ਦੁਸ਼ਮਣ ਦੇਸ਼ ਦੀ ਚਾਲ ਹੈ ਜੋ ਕਿ ਸਿੱਧੇ ਤੌਰ ਤੇ ਸਾਡੇ ਨਾਲ ਨਹੀਂ ਲੜ੍ਹ ਸਕਦਾ, ਪਰ ਅਜਿਹੀਆਂ ਸਾਜ਼ਿਸਾਂ ਨਾਲ ਦੇਸ਼ ਨੂੰ ਕਮਜ਼ੋਰ ਕਰਨ ਦੀ ਨੀਤ ਰੱਖਦਾ ਹੈ।ਉਨਾਂ ਸਮੱਗਲਿੰਗ ਦੇ ਖਾਤਮੇ ਲਈ ਪੰਚਾਂ-ਸਰਪੰਚਾਂ ਦੇ ਨਾਲ-ਨਾਲ ਪ੍ਰੈਸ ਤੋਂ ਵੀ ਸਹਿਯੋਗ ਮੰਗਿਆ।ਰਾਜਪਾਲ ਨੇ ਕਿਹਾ ਕਿ ਆਮ ਆਦਮੀ ਤੋਂ ਲੈ ਕੇ ਨੇਤਾਵਾਂ ਤੱਕ ਸਾਰੇ ਲੋਕ ਚਾਹੁੰਦੇ ਹਨ ਕਿ ਨਸ਼ਾ ਖ਼ਤਮ ਹੋਵੇ, ਪਰ ਅਜੇ ਤੱਕ ਇਸਨੂੰ ਉਨੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਨਾਂ ਕਿ ਲੈਣ ਦੀ ਲੋੜ ਸੀ।ਸ੍ਰੀ ਪੁਰੋਹਿਤ ਨੇ ਕਿਹਾ ਕਿ ਮੈਂ ਇਕ ਸਾਲ ਵਿੱਚ ਤੀਸਰੀ ਵਾਰ ਇਸ ਮਿਸ਼ਨ ’ਤੇ ਆਇਆ ਹਾਂ ਅਤੇ ਹੁਣ ਅਧਿਕਾਰੀਆਂ ਤੋਂ ਲੈ ਕੇ ਸਿਪਾਹੀ ਤੱਕ ਚੁਕੰਨੇ ਜ਼ਰੂਰ ਹੋਏ ਹਨ। ਉਨਾਂ ਕਿਹਾ ਕਿ ਮੇਰੀ ਸੂਚਨਾ ਅਨੁਸਾਰ ਕਈ ਥਾਵਾਂ ’ਤੇ ਸਮੱਗਲਰ ਅਤੇ ਪੁਲਿਸ ਮਿਲੀ ਹੋਈ ਹੈ, ਜਿਸ ਗੱਠਜੋੜ ਨੂੰ ਵੀ ਤੋੜਨ ਦੀ ਲੋੜ ਹੈ।ਰਾਜਪਾਲ ਨੇ ਇਸ ਤੋਂ ਬਾਅਦ ਪੁਲਿਸ, ਬੀ.ਐਸ.ਐਫ, ਫੌਜ, ਰਾਅ, ਇੰਟੈਲੀਜੈਂਸ, ਪ੍ਰਸ਼ਾਸ਼ਨ ਅਤੇ ਸਰਹੱਦੀ ਖੇਤਰ ਵਿੱਚ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੀਆਂ ਏਜੰਸੀਆਂ ਦੇ ਮੁੱਖੀਆਂ ਨਾਲ ਵੀ ਵਿਸਥਾਰਤ ਗੱਲਬਾਤ ਕੀਤੀ।
ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਪੁਲਿਸ ਵਲੋਂ ਉਪਰਲੇ ਪੱਧਰ ’ਤੇ ਨਸ਼ੇ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਛੇਤੀ ਹੀ ਇਸਦੇ ਨਤੀਜ਼ੇ ਲੋਕਾਂ ਸਾਹਮਣੇ ਆਉਣਗੇ।ਉਨਾਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਰਾਜਪਾਲ ਪੰਜਾਬ ਇਨਾਂ ਮੁੱਦਿਆਂ ’ਤੇ ਸਾਡੇ ਨਾਲ ਹਨ।ਇਕ ਪ੍ਰਸ਼ਨ ਦੇ ਜਵਾਬ ਵਿੱਚ ਯਾਦਵ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਐਨ.ਆਈ.ਏ ਵਲੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਵਿੱਚ ਪੰਜਾਬ ਪੁਲਿਸ ਦਾ ਬਰਾਬਰ ਸਹਿਯੋਗ ਰਿਹਾ ਹੈ, ਜੋ ਕਿ ਗੈਂਗਸਟਰ ਨੂੰ ਖ਼ਤਮ ਕਰਨ ਲਈ ਬੜਾ ਜ਼ਰੂਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਵਿਧਾਇਕ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਤਰਨਤਾਰਨ ਮੋਨੀਸ਼ ਕੁਮਾਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …