ਤਹਿਸੀਲਦਾਰ ਸਮਰਾਲਾ ਨੂੰ ਵਿਸ਼ੇਸ਼ ਗਿਰਦਾਵਰੀ ਲਈ ਦਿੱਤਾ ਮੰਗ ਪੱਤਰ
ਸਮਰਾਲਾ, 19 ਸਤੰਬਰ (ਇੰਦਰਜੀਤ ਸਿੰਘ ਕੰਗ) – ਜਦੋਂ ਹੁਣ ਝੋਨੇ ਦੀ ਫਸਲ ਪੱਕਣ ‘ਤੇ ਆ ਚੁੱਕੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਫਿਰ ‘ਚਾਇਨਾ ਵਾਇਰਸ’ ਨਾਂ ਦੀ ਕੁਦਰਤੀ ਆਫਤ ਨੇ ਆ ਘੇਰਾ ਪਾ ਲਿਆ ਹੈ।ਜਿਸ ਕਾਰਨ ਝੋਨੇ ਦੀ ਖੜ੍ਹੀ ਫਸਲ ਦਾ ਝਾੜ ਬਿਲਕੁੱਲ ਹੀ ਖਤਮ ਹੋ ਜਾਂਦਾ ਹੈ।ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਤਹਿਸੀਲਦਾਰ ਸਮਰਾਲਾ ਨੂੰ ਪਿੰਡ ਗਹਿਲੇਵਾਲ ਵਿਖੇ ਇਸ ਬੀਮਾਰੀ ਨਾਲ ਬਰਬਾਦ ਹੋ ਚੁੱਕੀ ਫਸਲ ਦੇ ਕਿਸਾਨਾਂ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਯੋਗ ਮੁਆਵਜ਼ੇ ਸਬੰਧੀ ਮੰਗ ਪੱਤਰ ਦੇਣ ਉਪਰੰਤ ਕੀਤਾ।ਪ੍ਰਧਾਨ ਬੌਂਦਲੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਹੋਰ ਅਹੁੱਦੇਦਾਰਾਂ ਨੂੰ ਨਾਲ ਲੈ ਕੇ ਬੀਤੇ ਦਿਨੀਂ ਪਿੰਡ ਗਹਿਲੇਵਾਲ ਪਿੰਡ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਪੀੜਤ ਕਿਸਾਨ ਅਜਮੇਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਗੁਰਮੁੱਖ ਸਿੰਘ, ਸੁਖਵੀਰ ਸਿੰਘ, ਜਗਦੇਵ ਸਿੰਘ, ਨਿਰਮਲ ਸਿੰਘ, ਮੇਵਾ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਝੋਨੇ ਦੀ ਖਰਾਬ ਹੋ ਚੁੱਕੀ ਫਸਲ ਦਾ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਸਰਕਾਰ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ।ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਜਲਦੀ ਕਦਮ ਨਾ ਪੁੱਟਿਆ ਤਾਂ ਕਿਸਾਨਾਂ ਅੰਦਰ ਰੋਸ ਦੀ ਲਹਿਰ ਫੈਲ ਜਾਵੇਗੀ ।
ਇਸ ਮੌਕੇ ਬੂਟਾ ਸਿੰਘ ਸਰਪੰਚ, ਇੰਦਰਜੀਤ ਸਿੰਘ, ਦਲਵੀਰ ਸਿੰਘ, ਨਿਰਮਲ ਸਿੰਘ, ਹਰਚੰਦ ਸਿੰਘ ਨੰਬਰਦਾਰ, ਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।