ਸਹਿਕਾਰੀ ਬੈਂਕ ਵਿੱਚ ਤਰਸ ਦੇ ਆਧਾਰ ’ਤੇ ਵੰਡੇ ਨਿਯੁੱਕਤੀ ਪੱਤਰ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਸਹਿਕਾਰਤਾ ਲਹਿਰ ਜੋ ਕਿ ਸਾਰੇ ਵਰਗਾਂ ਲਈ ਲਾਹੇਵੰਦ ਹੈ, ਵਿਸ਼ੇਸ਼ ਤੌਰ ਤੇ ਕਿਸਾਨਾਂ ਲਈ ਰੀੜ੍ਹ ਦੀ ਹੱਡੀ ਵਜੋਂ ਜਾਣੀ ਜਾਂਦੀ ਹੈ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਘੱਟ ਵਿਆਜ ਤੇ ਕਰਜ਼ੇ ਮਿਲ ਸਕਣ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਬਚਤ ਭਵਨ ਵਿਖੇ ਸਹਿਕਾਰੀ ਬੈਂਕ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁੱਕਤੀ ਪੱਤਰ ਵੰਡਣ ਸਮੇਂ ਕੀਤਾ।ਧਾਲੀਵਾਲ ਨੇ ਕਿਹਾ ਕਿ ਸਹਿਕਾਰੀ ਬੈਂਕ ਇਸ ਸਾਲ ਆਪਣਾ 100ਵਾਂ ਸਾਲ ਮਨਾ ਰਹੀ ਹੈ।ਉਨਾਂ ਕਿਹਾ ਕਿ ਸਹਿਕਾਰੀ ਬੈਂਕ ਹਰ ਵਰਗ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਲਈ ਘੱਟ ਵਿਆਜ ‘ਤੇ ਕਰਜ਼ਾ ਸਕੀਮਾਂ ਲਈ ਹੋਰ ਉਪਰਾਲੇ ਕਰੇ।
ਧਾਲੀਵਾਲ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਆਪ ਦੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਪਹਿਲੇ 6 ਮਹੀਨਿਆਂ ’ਚ ਹੀ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ।ਉਨਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ।ਆਪ ਸਰਕਾਰ ਵਲੋਂ ਰਾਜ ਦੇ ਸਾਰੇ ਅਦਾਰਿਆਂ ਵਿੱਚ ਭਰਤੀ ਨਿਰਪੱਖ ਢੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਭ੍ਰਿਸ਼ਟਾਚਾਰ ’ਤੇ ਜੀਰੋ ਟਾਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨਾਂ ਕਿਹਾ ਕਿ ਉਹ ਨਹੀਂ ਸਗੋਂ ਕੰਮ ਬੋਲਦਾ ਹੈ ਕਿ 6 ਮਹੀਨਿਆਂ ’ਚ ਹੀ 200 ਤੋਂ ਜਿਆਦਾ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ’ਚ, ਐਂਟੀ ਗੈਂਗਸਟਰ ਟਾਸਕ ਫੋਰਸ, ਵੀਹ ਹਜਾਰ ਨੌਕਰੀਆਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਦੇਣਾ ਪ੍ਰਮੁੱਖ ਹੈ।
ਬੈਂਕ ਦੀ ਇੰਪਲਾਈਜ਼ ਯੂਨੀਅਨ ਨੇ ਬੈਂਕ ਦੇ ਮੁਲਾਜ਼ਮਾਂ ਨੂੰ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਲਈ ਮੰਗ ਪੱਤਰ ਦਿੱਤਾ।ਜਿਸ ‘ਤੇ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਬੈਂਕ ਮੁਲਾਜ਼ਮਾਂ ਨੂੰ ਜਲਦੀ ਹੀ ਛੇਵਾਂ ਪੇਅ ਕਮਿਸ਼ਨ ਲਾਗੂ ਕਰ ਦਿੱਤਾ ਜਾਵੇਗਾ।ਬੈਂਕ ਦੇ ਉਪ ਰਜਿਸਟਰਾਰ ਭੁਪਿੰਦਰ ਸਿੰਘ ਨੇ ਬੈਂਕ ਦੇ ਮੌਜ਼ੂਦਾ ਹਾਲਾਤ ਅਤੇ ਰਿਕਵਰੀ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਵਿਧਾਇਕਾ ਮੈਡਮ ਜੀਵਨਜੋਤ ਕੌਰ, ਬੈਂਕ ਦੇ ਚੇਅਰਮੈਨ ਅਰਿੰਦਰਬੀਰ ਸਿੰਘ ਆਹਲੁਵਾਲੀਆ, ਪ੍ਰੰਬਧ ਨਿਰਦੇਸ਼ਕ ਅਮਨਪ੍ਰੀਤ ਸਿੰਘ ਬਰਾੜ, ਜਿਲ੍ਹਾ ਮੈਨੇਜਰ ਰਜਿੰਦਰ ਸਿੰਘ ਢਿੱਲੋਂ, ਡਾਇਰੈਕਟਰ ਭੁਪਿੰਦਰ ਸਿੰਘ, ਜਗਤਾਰ ਸਿੰਘ ਤੀਮੋਵਾਲ, ਸੁਖਵੰਤ ਸਿੰਘ, ਬੈਂਕ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਬਾਜਵਾ, ਅਮਨਪ੍ਰੀਤ ਸਿੰਘ, ਸਤਿੰਦਰ ਸਿੰਘ ਵਾਲੀਆ, ਸੰਦੀਪ ਪਾਲ, ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਹਾਜ਼ਰ ਸਨ।