ਪਰਾਲੀ ਨੂੰ ਜ਼ਮੀਨ ’ਚ ਮਿਲਾ ਕੇ ਕਣਕ ਦੀ ਬਿਜ਼ਾਈ ਕੀਤੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ) – ਜਿਲੇ ਵਿੱਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਤੱਕ 253500 ਰੁਪਏ ਦਾ ਜੁਰਮਾਨਾ ਕੀਤਾ ਜਾ ਚੁੱਕਾ
ਹੈ ਅਤੇ ਟੀਮਾਂ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਰਹੀਆਂ ਹਨ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ 312 ਸਥਾਨਾਂ ਤੁਨਾਂ ਸਥਾਨਾਂ ‘ਤੇ ਜਾ ਚੁੱਕੀਆਂ ਹਨ, ਜਿਥੇ ਅੱਗ ਲੱਗਣ ਦੀ ਸੂਚਨਾ ਉਪਗ੍ਰਹਿ ਜ਼ਰੀਏ ਮਿਲੀ ਸੀ।ਇੰਨਾਂ ਵਿਚੋਂ 131 ਖੇਤਾਂ ਵਿੱਚ ਅੱਗ ਲੱਗਣ ਦੀ ਪੁਸ਼ਟੀ ਹੋਈ ਅਤੇ ਉਕਤ ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ।ਉਨ੍ਹਾਂ ਕਿਸਾਨਾਂ ਨੂੰ ਚੌਕਸ ਕਰਦੇ ਕਿਹਾ ਕਿ ਸਾਡੀ ਨਿਗ੍ਹਾਂ ਹਰ ਖੇਤ ਉਪਰ ਹੈ ਅਤੇ ਜੋ ਵੀ ਪਰਾਲੀ ਸਾੜੇਗਾ, ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਧਣ ਕਾਰਨ ਫ਼ਸਲ ’ਤੇ ਕੀੜੇ-ਮਕੌੜਿਆ ਦਾ ਹਮਲਾ ਵੀ ਘੱਟ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਬਸਿਡੀ ਉੱਪਰ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ।ਉਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਨੰਬਰਦਾਰਾਂ ਦੇ ਨਾਲ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਮੁੱਦੇ ‘ਤੇ ਸਰਕਾਰ ਦਾ ਸਾਥ ਦੇਣ, ਤਾਂ ਜੋ ਜ਼ਮੀਨ ਅਤੇ ਪੌਣਪਾਣੀ ਨੂੰ ਬਚਾਇਆ ਜਾ ਸਕੇ।
Punjab Post Daily Online Newspaper & Print Media