ਸੰਤਾਲੀ ਦੇ ਸੰਤਾਪ ਨੂੰ ਆਪਣੀਆਂ ਰਚਨਾਵਾਂ ’ਚ ਸਿਰਜਦੀ ਹੈ ਅਮਰਜੀਤ ਪਨੂੰ – ਡਾ. ਮਹਿਲ ਸਿੰਘ
ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਅਮਰੀਕਾ ਨਿਵਾਸੀ ਪੰਜਾਬੀ ਗਲਪਕਾਰ ਅਮਰਜੀਤ ਕੌਰ ਪਨੂੰ ਦਾ ਰੁਬਰੂ ਅਤੇ ਪੁਸਤਕ ਵਿਚਾਰ ਚਰਚਾ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਕਿਹਾ ਕਿ ਕਾਲਜ ਆਪਣੇ ਸ਼ੁਰੂਆਤੀ ਸਮੇਂ ਤੋਂ ਹੀ ਪੰਜਾਬੀ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਅਤੇ ਅਸੀ ਅੱਜ ਵੀ ਦੇਸ਼ ਵਿਦੇਸ਼ ਦੇ ਸਾਹਿਤਕਾਰਾਂ ਦਾ ਸਵਾਗਤ ਕਰਦੇ ਹਾਂ।ਉਨ੍ਹਾਂ ਕਿਹਾ ਕਿ ਪਨੂੰ ਸਾਡੇ ਕਾਲਜ ਦੀ ਪੁਰਾਣੀ ਵਿਦਿਆਰਥਣ ਹੈ ਅਤੇ ਅਸੀਂ ਉਸ ਦਾ ਇਕ ਕਹਾਣੀਕਾਰ ਵਜੋਂ ਸਵਾਗਤ ਕਰਦੇ ਹਾਂ।
ਗਲਪਕਾਰ ਪਨੂੰ ਦੇ ਅੰਗਰੇਜ਼ੀ ’ਚ ਛਪੇ ਨਾਵਲ ਸਪਲਿਟਡ ਵਾਟਰ (ਵੰਡੇ ਹੋਏ ਪਾਣੀ) ਬਾਰੇ ਬੋਲਦਿਆਂ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਮੁੱਖੀ ਸੁਪਨਿੰਦਰ ਕੌਰ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੀ 1947 ’ਚ ਹੋਈ ਵੰਡ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ।ਆਪਣੀ ਜੜ੍ਹਾਂ ਤੋਂ ਉਖੜੇ ਲੋਕਾਂ ਦੇ ਦਰਦ ਨੂੰ ਅੰਗਰੇਜ਼ੀ ਜੁਬਾਨ ’ਚ ਪੇਸ਼ ਕਰਨ ਵਾਲਾ ਇਹ ਪਹਿਲਾ ਨਾਵਲ ਹੈ, ਜੋ ਸੋਹਣ ਸਿੰਘ ਸੀਤਲ ਦੇ ਨਾਵਲ ‘ਤੂਤਾਂ ਵਾਲਾ ਖੂਹ’ ਦੀ ਯਾਦ ਦਿਵਾਉਂਦਾ ਹੈ।ਪਨੂੰ ਦੇ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਬਾਰੇ ਗੱਲਬਾਤ ਕਰਦਿਆਂ ਪੰਜਾਬੀ ਦੇ ਕਵੀ ਅਤੇ ਆਲੋਚਕ ਡਾ. ਸੁਹਿੰਦਰਬੀਰ ਨੇ ਕਿਹਾ ਕਿ ਅਮਰਜੀਤ ਪਨੂੰ ਦੀ ਕਹਾਣੀ ਰੁਮਾਂਸ, ਯਥਾਰਥ ਅਤੇ ਪਰਵਾਸ ਦਾ ਸੁਮੇਲ ਹੈ।ਇਹ ਕਹਾਣੀ ਨਵੇਂ ਬਿੰਬ ਸਿਰਜਣ ਕਰਕੇ ਨਿਵੇਕਲੀ ਹੋਂਦ ਸਥਾਪਿਤ ਕਰਦੀ ਹੈ।
ਆਏ ਹੋਏ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਡਾ. ਸੁਹਿੰਦਰਬੀਰ ਸਿੰਘ ਸਾਡੇ ਸਭ ਦੇ ਅਧਿਆਪਕ ਹੋਣ ਦੇ ਨਾਲ-ਨਾਲ ਤਰੰਨਮ ’ਚ ਕਵਿਤਾ ਕਹਿਣ ਵਾਲੇ ਪ੍ਰਸਿੱਧ ਸ਼ਾਇਰ ਹਨ।ਉਨ੍ਹਾਂ ਨੇ ਆਲੋਚਨਾ ’ਚ ਵੀ ਆਪਣਾ ਅਹਿਮ ਸਥਾਨ ਬਣਾਇਆ ਹੈ।
ਇਸ ਮੌਕੇ ਅੰਗਰੇਜ਼ੀ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ, ਖੋਜ਼ਾਰਥੀ ਅਤੇ ਹੋਰ ਵਿਦਿਆਰਥੀ ਵੱਡੀ ਗਿਣਤੀ ’ਚ ਹਾਜ਼ਰ ਸਨ।