Monday, January 13, 2025
Breaking News

ਸਕਿੱਟਾਂ, ਇਕਾਂਗੀਆਂ ਅਤੇ ਮਮਿਕਰੀ ਰਾਹੀਂ ਵਿਦਿਆਰਥੀ-ਕਲਾਕਾਰਾਂ ਨੇ ਬੰਨ੍ਹਿਆਂ ਰੰਗ

ਕੱਲ੍ਹ 11 ਗਿੱਧੇ ਦੀਆਂ ਟੀਮਾਂ ਨਾਲ ਹੋਵੇਗੀ ਯੁਵਕ ਮੇਲੇ ਦੀ ਸਮਾਪਤੀ
ਅੰਮ੍ਰਿਤਸਰ, 27 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ‘ਚ ਚੱਲ ਰਹੇ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਕਾਲਜਾਂ ਦੇ ਚੱਲ ਰਹੇ `ਬੀ` ਜ਼ੋਨ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਇਕਾਂਗੀਆਂ, ਸਕਿੱਟਾਂ ਅਤੇ ਮਿਮਿਕਰੀ ਦੇ ਨਾਂ ਰਿਹਾ।ਸਕਿੱਟਾਂ ਰਾਹੀਂ ਜਿਥੇ ਵੱਖ-ਵੱਖ ਪਾਤਰਾਂ ਦਾ ਰੁਪਾਂਤਰਣ ਕਰਕੇ ਵੱਖ-ਵੱਖ ਸਮਾਜਿਕ ਕੁਰੀਤੀਆਂ ਤੇ ਵਿਅੰਗ ਕੱਸੇ ਗਏ ਉਥੇ ਮਮਿਕਰੀ ਰਾਹੀਂ ਵੱਖ-ਵੱਖ ਅਵਾਜ਼ਾਂ ਕੱਢ ਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਜੌਹਰ ਵਿਖਾਇਆ।ਇਕਾਂਗੀਆਂ ਦੇ ਇਸ ਵਾਰ ਦੇ ਵਿਸ਼ਿਆਂ ਨੇ ਦਸਮੇਸ਼ ਆਡੀਟੋਰੀਅਮ ਵਿਚ ਬੈਠੇ ਦਰਸ਼ਕਾਂ ਅੱਗੇ ਸੁਆਲ ਖੜ੍ਹੇ ਕੀਤੇ ਅਤੇ ਉਨ੍ਹਾਂ ਵਿਚ ਸੰਵੇਦਨਸ਼ੀਲਤਾ ਭਰਦਿਆਂ ਚਿੰਤਾ ਤੋਂ ਚਿੰਤਨ ਵੱਲ ਲੈ ਗਏ।
ਅੱਜ ਯੁਵਕ ਮੇਲੇ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਅਤੇ ਕਲਾਤਮਕ ਵੰਨਗੀਆਂ ਦਾ ਆਨੰਦ ਮਾਣਿਆ।ਉਨ੍ਹਾਂ ਵਿਦਿਆਰਥੀਆਂ ਦੀ ਪੇਸ਼ਕਾਰੀਆਂ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਅੱਗੇ ਆਉਣ ਲਈ ਸੱਦਾ ਦਿੱਤਾ।
ਵਿਦਿਆਰਥੀ ਵਿਚ ਪ੍ਰੋੜ ਕਲਾਕਾਰਾਂ ਦੇ ਗੁਣ ਨਜ਼ਰ ਆ ਰਹੇ ਸਨ ਜਿਨ੍ਹਾਂ ਰਾਹੀਂ ਉਹ ਮੁੱਦਿਆਂ ਨੂੰ ਆਪਣੀ ਕਲਾ ਦੇ ਜ਼ਰੀਏ ਦਰਸ਼ਕਾਂ ਅਤੇ ਜੱਜਾਂ ਤਕ ਪੁਚਾਉਣ ਕਾਮਯਾਬ ਹੋ ਰਹੇ ਲੱਗ ਰਹੇ ਸਨ।ਹਾਜ਼ਰੀਨ ਦਰਸ਼ਕਾਂ ਵਲੋਂ ਯੁਵਕ ਮੇਲੇ ਦੇ ਅੱਜ ਦੇ ਦੂਜੇ ਦਿਨ ਦਾ ਖੂਬ ਆਨੰਦ ਲਿਆ ਗਿਆ ਅਤੇ ਵਿਦਿਆਰਥੀਆਂ ਦੀ ਅੰਦਰਲੀ ਕਲਾ ਪ੍ਰਤਿਭਾ ਨੂੰ ਦਸਮੇਸ਼ ਆਡੀਟੋਰੀਅਮ ਦੀ ਸਟੇਜ ਤਕ ਲਿਆਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਡੀਨ ਵਿਦਿਆਰਥੀ ਭਲਾਈ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਵਿਧੀਵਤ ਢੰਗ ਨਾਲ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਜਾ ਰਹੀ ਸੀ।
ਅੱਜ ਦਸਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮਾਈਮ, ਮਿਮਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਗੀਤ/ਗਜ਼ਲ, ਲੋਕ ਗੀਤ, ਲੋਕ ਸਾਜ਼ ਦੇ ਮੁਕਾਬਲੇ ਹੋਏ। ਆਰਕੀਟੈਕਚਰ ਵਿਭਾਗ ਦੀ ਸਟੇਜ਼ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ, ਇਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਆਯੋਜਤ ਕੀਤੇ ਗਏ।28 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਜਨਰਲ ਗਰੁੱਪ ਡਾਂਸ, ਗਿੱਧਾ ਅਤੇ ਗੁਰੂ ਨਾਨਕ ਭਵਨ ਵਿਚ ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ।ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਗਮ ਹੋਵੇਗਾ।
ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 01 ਨਵੰਬਰ ਤੋਂ ਸ਼ੁਰੂ ਹੋਣ ਵਾਲਾ `ਏ` ਜ਼ੋਨ (ਅੰਮ੍ਰਿਤਸਰ ਦੇ ਕਾਲਜਾਂ) ਦਾ ਯੁਵਕ ਮੇਲਾ ਹੁਣ ਇਕ ਦਿਨ ਪਹਿਲਾਂ 31 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਜੋ 02 ਨਵੰਬਰ ਨੂੰ ਸੰਪਨ ਹੋਵੇਗਾ।

 

Check Also

ਜਨਮ ਦਿਨ ਮੁਬਾਰਕ – ਅਗਮਜੋਤ ਸਿੰਘ ਸੰਧੂ

ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਸੰਦੀਪ ਸਿੰਘ ਸੰਧੂ ਪਿਤਾ ਅਤੇ ਮਾਤਾ ਭੁਪਿੰਦਰ ਕੌਰ …