Monday, May 27, 2024

ਗੀਤਕਾਰੀ, ਗਾਇਕੀ, ਸਾਹਿਤ, ਸਿਆਸਤ ਤੇ ਪੱਤਰਕਾਰੀ ਦਾ ਸੁਮੇਲ – ਸੁਖਵੰਤ ਚੇਤਨਪੁਰੀ

ਸੁਖਵੰਤ ਚੇਤਨਪੁਰੀ ਇੱਕੋ ਸਮੇਂ ਇੱਕ ਗੀਤਕਾਰ, ਗਾਇਕ, ਕਾਲਮ ਨਵੀਸ, ਸ਼ਾਇਰ, ਕਹਾਣੀਕਾਰ, ਪੱਤਰਕਾਰ ਅਤੇ ਸਿਆਸਤਦਾਨ ਵੀ ਹੈ।ਉਸ ਨੂੰ ਆਪਣੇ ਪਿੰਡ ਚੇਤਨਪੁਰੇ ਦਾ ਸਰਪੰਚ ਰਹਿ ਰਹਿਣ ਦਾ ਮਾਣ ਵੀ ਪ੍ਰਾਪਤ ਹੈ।ਉਸ ਦਾ ਜਨਮ ਦੇਸ਼ ਭਗਤ ਪਰਿਵਾਰ ਵਿੱਚ 8 ਮਈ 1957 ਨੂੰ ਪਿੰਡ ਚੇਤਨਪੁਰਾ ਵਿੱਚ ਹੋਇਆ।ਉਹ ਸਵਰਗੀ ਨੰਬਰਦਾਰ ਲਖਬੀਰ ਸਿੰਘ ਚੇਤਨਪੁਰਾ ਦਾ ਸਪੁੱਤਰ ਅਤੇ ਪ੍ਰਸਿੱਧ ਅਜ਼ਾਦੀ ਸੰਗਰਾਮੀਏ ਅਤੇ ਸ਼਼੍ਰੋਮਣੀ ਪੰਜਾਬੀ ਸਾਹਿਤਕਾਰ ਕਾ: ਸੋਹਨ ਸਿੰਘ ਜੋਸ਼ ਦਾ ਪੋਤਰਾ ਹੈ।ਉਸ ਨੂੰ ਆਪਣੀ ਜੀਵਨ ਸਾਥਣ ਮਨਜੀਤ ਕੌਰ ਚੇਤਨਪੁਰੀ ਦਾ ਉਤਸ਼ਾਹ ਪੈਦਾ ਕਰਨ ਵਾਲਾ ਭਰਪੂਰ ਸਾਥ ਮਿਲਿਆ, ਜਿਸ ਦਾ ਜਿਕਰ ਉਹ ਅਕਸਰ ਕਰਦਾ ਹੈ।ਉਹ ਦੋ ਪੁੱਤਰਾਂ ਨਵਜੋਤ ਸਿੰਘ, ਪ੍ਰਭਜੋਤ ਸਿੰਘ ਅਤੇ ਬੇਟੀ ਮਨਪ੍ਰੀਤ ਕੌਰ ਦਾ ਪਿਤਾ ਹੈ।ਸਪੁੱਤਰੀ ਮਨਪ੍ਰੀਤ ਕੌਰ ਪਾਖਰਪੁਰਾ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਮਨਜੀਤ ਸਿੰਘ ਦੇ ਬੇਟੇ ਗੁਰਪਿੰਦਰ ਸਿੰਘ ਨਾਲ ਵਿਆਹੀ ਹੋਈ ਹੈ।
ਸੁਖਵੰਤ ਚੇਤਨਪੁਰੀ ਨੇ 1972 ਵਿੱਚ ਸਰਕਾਰੀ ਮਿਡਲ ਸਕੂਲ ਚੇਤਨਪੁਰਾ ਤੋਂ ਅੱਠਵੀਂ ਦੀ ਪ੍ਰੀਖਿਆ ਉਪਰੰਤ 1974 ਵਿੱਚ ਸਰਕਾਰੀ ਹਾਈ ਸਕੂਲ ਸੰਗਤਪੁਰਾ ਤੋੰ ਦਸਵੀਂ ਪਾਸ ਕਰਕੇ ਕਰਕੇ ਡੀ.ਏ.ਵੀ ਕਾਲਜ਼ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਅਤੇ ਦਇਆਨੰਦ ਆਈ.ਟੀ.ਆਈ ਅੰਮ੍ਰਿਤਸਰ ਤੋਂ ਰੈਫਰੀਜਰੇਸ਼ਨ ਐਂਡ ਏਅਰਕੰਡੀਸ਼ਨ ਦਾ ਕੋਰਸ ਪਾਸ ਕੀਤਾ।ਉਸ ਨੇ ਕਪੂਰ ਟੀ.ਵੀ ਟਰੇਨਿੰਗ ਸੈੰਟਰ ਅੰਮ੍ਰਿਤਸਰ ਤੋਂ ਰੇਡਿਓ ਐਂਡ ਟੀ.ਵੀ ਦਾ ਕੋਰਸ ਵੀ ਪਾਸ ਕੀਤਾ।23 ਫਰਵਰੀ 1987 ਨੂੰ ਉਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਿਭਾਗ ਵਿੱਚ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਰੈਫਰੀਜ਼ਰੇਸ਼ਨ ਟੈਕਨੀਸ਼ੀਅਨ ਦੇ ਅਹੱਦੇ ‘ਤੇ ਸਰਕਾਰੀ ਨੌਕਰੀ ਮਿਲ ਗਈ।ਪਰ ਉਹ ਰੁਕਿਆ ਫਿਰ ਵੀ ਨਹੀਂ, ਉਸ ਨੇ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਤੋਂ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਅਤੇ ਸਿਹਤ ਵਿਭਾਗ ਦੇ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਨਾਲ ਸਬੰਧਤ ਕਈ ਕੋਰਸ ਕੀਤੇ।ਉਸ ਨੇ ਜਿਲ੍ਹਾ ਬਠਿੰਡਾ ਦੇ ਸਿਵਲ ਸਰਜਨ ਦਫ਼ਤਰ ਤੋਂ ਇਲਾਵਾ ਜਲੰਧਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਦਫਤਰਾਂ ਵਿੱਚ ਵੀ ਸੇਵਾਵਾਂ ਨਿਭਾਈਆਂ।ਸਿਵਲ ਸਰਜਨ ਅੰਮ੍ਰਿਤਸਰ ਦੇ ਦਫਤਰ ਵਿੱਚ 22 ਜੂਨ 1992 ਤੋਂ 9 ਅਗਸਤ 2010 ਤੱਕ ਤਕਰੀਬਨ 18 ਸਾਲ ਦੀ ਤਾਇਨਾਤੀ ਸਮੇਂ ਉਸ ਨੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਕੇ ਉਨ੍ਹਾਂ ਦਾ ਦਿਲ ਜਿੱਤਿਆ।10 ਅਗਸਤ 2010 ਨੂੰ ਉਸ ਦੀ ਤਰੱਕੀ ਬਤੌਰ ਟੈਕਨੀਕਲ ਸਹਾਇਕ ਵਜੋਂ ਹੋਈ ਅਤੇ ਉਹ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ ਦੇ ਦਫਤਰ ਵਿਖੇ ਚਲੇ ਗਏ, ਜਿਥੋਂ ਉਹ ਬਤੌਰ ਸਟੇਟ ਕੋਲਡ ਚੇਨ ਅਫਸਰ ਮਈ 2017 ਵਿਚ ਸੇਵਾ ਮੁਕਤ ਹੋਏ।
ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ ਭਾਵੇਂ ਕਿ ਪਰਿਵਾਰ ਖਾਸ ਕਰਕੇ ਪਿਤਾ ਵਲੋੰ ਵਿਰੋਧ ਕੀਤਾ ਜਾਂਦਾ ਸੀ, ਪਰ ਉਸ ਅੰਦਰ ਗਾਇਕੀ ਦੇ ਬੀਜ਼ ਦਰੱਖਤ ਦਾ ਰੂਪ ਧਾਰਦੇ ਗਏ।ਜਲੰਧਰ ਦੂਰਦਰਸ਼ਨ ਦੇ ਜਵਾਂ ਤਰੰਗ, ਮੇਰਾ ਪਿੰਡ ਮੇਰੇ ਖੇਤ ਤੋਂ ਲੈ ਕੇ ਸਾਰੇ ਹੀ ਸੰਗੀਤਕ ਪਰੋਗਰਾਮਾਂ ਵਿੱਚ ਉਸ ਦੇ ਗੀਤ ਵੱਜੇ।ਕਈ ਗਾਇਕਾਵਾਂ ਮਿਸ ਪੂਜਾ, ਰਣਜੀਤ ਭੱਟੀ, ਬਲਵਿੰਦਰ ਗਿੱਲ, ਸੁਮਨਦੀਪ, ਅਤੇ ਸੋਨੀਆਂ ਸੰਧੂ ਆਦਿ ਨਾਲ ਕੈਸਟਾਂ ਰਿਕਾਰਡ ਕਰਵਾਈਆਂ।ਉਸ ਦੀ ਪਹਿਲੀ ਟੇਪ `ਭੋਲੇ ਭਾਲੇ ਜੱਟ ` ਸੀ ਜਿਸ ਦੇ ਕੁੱਝ ਗੀਤ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਖਜ਼ਾਨਾ ਮੰਤਰੀ ਨਰਿੰਦਰ ਯਾਤਰੀ ਨੇ ਲਿਖੇ ਸਨ।ਆਨੰਦ ਕੈਸਿਟਸ ਕੰਪਨੀ ਬਠਿੰਡਾ ਤੋਂ `ਸਾਲੀ ਲਈ ਤੋਹਫ਼ਾ` `ਕਾਲਜ਼ ਦੇ ਦਿਨ`, `ਪੁਲਿਸ ਵਿੱਚ ਭਰਤੀ` ਅਤੇ ‘ਛੱਡ ਖਹਿੜਾ ਖੇਤੀਬਾੜੀ ਦਾ` ਟੇਪਾਂ ਆਈਆਂ।ਫਾਇਨਟੱਚ ਵਲੋਂ ਰਲੀਜ਼ ਕੀਤੀ ਗਈ ਉਸਦੀ ਕੈਸਟ `ਇਸ਼ਕ ਪੌੜੀਆਂ` ਨੂੰ ਭਰਪੂਰ ਹੁੰਗਾਰਾ ਮਿਲਿਆ।ਸਟੇਜ਼ਾਂ ਤੇ ਵੀ ਉਸਨੇ ਖੂਬ ਗਾਇਆ ਅਤੇ ਸੰਗੀਤ ਪ੍ਰੇਮੀਆਂ ਦਾ ਮੋਹ ਪਿਆਰ ਵੀ ਖੱਟਿਆ।ਪੰਜਾਬ ਦੇ ਪਿੰਡਾਂ ਵਿਚ ਹੁੰਦੇ ਸੱਭਿਆਚਾਰਕ ਮੇਲਿਆਂ ‘ਚ ਉਹ ਕਾਫੀ ਅਖਾੜੇ ਲਗਾ ਚੁੱਕਾ ਹੈ।ਪਰਿਵਾਰਕ ਦੇਸ਼ ਭਗਤੀ ਦੇ ਪ੍ਰਭਾਵ ਹੇਠ ਉਸ ਨੇ ਕਾਲਜ਼ ਸਮੇਂ ਤੋਂ ਹੀ ਲੀਡਰੀ ਵਿੱਚ ਕਦਮ ਰੱਖ ਲਏ ਸਨ।ਟਰੇਡ ਯੂਨੀਅਨ ਅਤੇ ਮੁਲਾਜ਼ਮਾਂ ‘ਚ ਰਣਬੀਰ ਢਿੱਲੋਂ ਗਰੁੱਪ ਨਾਲ ਜੁੜ ਕੇ ਉਸ ਨੇ ਮੁਲਾਜਮ ਹਿੱਤਾਂ ਲਈ ਹਰ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਈ।ਡਾਇਰੈਕਟੋਰੇਟ ਕਰਮਚਾਰੀ ਯੂਨੀਅਨ ਦਾ ਵੀ ਉਹ ਸਕੱਤਰ ਰਿਹਾ ਹੈ।ਅੰਮ੍ਰਿਤਸਰ ਵਿਖੇ ਮੁਲਾਜ਼ਮ ਯੂਨੀਅਨ ਦੇ ਚੋਟੀ ਦੇ ਆਗੂ ਹਰਭਜਨ ਸਿੰਘ ਰੰਧਾਵਾ, ਅਜੀਤ ਸਿੰਘ ਢਿੱਲੋਂ, ਜਰਨੈਲ ਸਿੰਘ ਢਿੱਲੋਂ, ਮਲਕੀਅਤ ਸਿੰਘ ਭੱਟੀ ਅਤੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਆਦਿ ਨਾਲ ਵਿਚਰਨ ਦਾ ਵੀ ਉਸ ਨੂੰ ਮੌਕਾ ਮਿਲਿਆ।
1992 ਤੋਂ ਉਹ ਪੱਤਰਕਾਰੀ ਦੇ ਖੇਤਰ ਵਿੱਚ ਕਾਰਜਸ਼ੀਲ ਹੈ ਅਤੇ ਮੌਜ਼ੂਦਾ ਸਮੇਂ ਵੀ ਉਹ ‘ਰੋਜਾਨਾ ਅੱਜ ਦੀ ਆਵਾਜ਼ ” ਦਾ ਚੇਤਨਪੁਰਾ ਤੋਂ ਪ੍ਰਤੀਨਿਧ ਹੋਣ ਦੇ ਨਾਲ ਤਰਕਸ਼ੀਲ ਅਤੇ ਅਗਾਂਹਵਧੂ ਸੋਚ ਦਾ ਮਾਲਕ ਹੈ।ਬੀਤੇ ਦਿਨ ਉਸ ਦਾ ਨਵਾਂ ਧਾਰਮਿਕ ਟਰੈਕ `ਕੁੱਲੀ` ਆਇਆ ਹੈ, ਜਿਸ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਰਿਹਾ ਹੈ।ਕੁੱਲੀ ਵਾਲੇ ਨੇ ਹੈ ‘ਕੁੱਲੀ ਛੱਡ ਜਾਣੀ ਤੇ ਮਹਿਲ ਵਾਲੇ ਮਹਿਲ ਛੱਡਣਾ’ ਗੀਤ ਰਾਹੀਂ ਮਨੁੱਖ ਦੀ ਜ਼ਿੰਦਗੀ ਦੀ ਅਸਲ ਹਕੀਕਤ ਬਿਆਨ ਕੀਤੀ ਗਈ ਹੈ।
ਚੇਤਨਪੁਰੀ ਨੂੰ ਉਨ੍ਹਾਂ ਵਲੋਂ ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਵੱਡਮੁਲੇ ਯੋਗਦਾਨ ਪ੍ਰਤੀ ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ 30 ਅਕਤੂਬਰ 2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਵਿਖੇ ਕਾ: ਸੋਹਨ ਸਿੰਘ ਜੋਸ਼ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।2910202201

(30 ਅਕਤੂਬਰ ਨੂੰ ਸਨਮਾਨ ਦਿਵਸ ‘ਤੇ ਵਿਸ਼ੇਸ਼)

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …