Monday, May 20, 2024

ਖ਼ਾਲਸਾ ਸੰਸਥਾਵਾਂ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 7 ਨਵੰਬਰ ਨੂੰ

ਮੈਨੇਜ਼ਮੈਂਟ ਦੇ ਸਮੂਹ ਵਿੱਦਿਅਕ ਅਦਾਰਿਆਂ ਤੋਂ 20000 ਤੋਂ ਵਧੇਰੇ ਵਿਦਿਆਰਥੀ ਤੇ ਸਟਾਫ਼ ਭਰਨਗੇ ਹਾਜ਼ਰੀ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਸੰਸਥਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।ਜਿਸ ਸਬੰਧੀ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਜਿਥੇ ਧਾਰਮਿਕ ਸਬ ਕਮੇਟੀ ਸਮੇਤ ਸਮੂਹ ਖ਼ਾਲਸਾ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਉਥੇ ਨਗਰ ਕੀਰਤਨ ਸਮੇਂ ਆਵਾਜਾਈ ’ਚ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਇਤਲਾਹ ਦੇ ਦਿੱਤੀ ਜਾ ਚੁੱਕੀ ਹੈ।
ਛੀਨਾ ਨੇ ਕਿਹਾ ਕਿ ਰਵਾਇਤ ਅਨੁਸਾਰ ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਸਜਾਇਆ ਜਾਂਦਾ ਵਿਸ਼ਾਲ ਨਗਰ ਕੀਰਤਨ ਇਸ ਵਾਰ ਵੀ ਖ਼ਾਲਸਾ ਕਾਲਜ ਤੋਂ 7 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 7:00 ਵਜੇ ਆਰੰਭ ਹੁੰਦਾ ਹੋਇਆ ਵੱਖ-ਵੱਖ ਪੜ੍ਹਾਅ ਤੈਅ ਕਰਦਾ ਕਰੀਬ 10:00 ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇਗਾ।ਉਨ੍ਹਾਂ ਕਿਹਾ ਕਿ ਇਹ ਨਗਰ-ਕੀਰਤਨ ਉਪਰੋਕਤ ਸਮੇਂ ਕਾਲਜ ਤੋਂ ਆਰੰਭ ਹੋ ਕੇ ਪੁਤਲੀਘਰ, ਰੇਲਵੇ ਸਟੇਸ਼ਨ ਦੇ ਸਾਹਮਣੇ ਤੋਂ ਨਵੇਂ ਬਣੇ ਪੁੱਲ ਰਾਹੀਂ ਹਾਲ ਗੇਟ ਤੇ ਕੋਤਵਾਲੀ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇਗਾ।ਇਸ ਨਗਰ-ਕੀਰਤਨ ’ਚ ਸਮੂਹ ਵਿੱਦਿਅਕ ਅਦਾਰਿਆਂ ਦੇ ਕਰੀਬ 20000 ਤੋਂ ਵਧੇਰੇ ਵਿਦਿਆਰਥੀਆਂ ਦੇ ਨਾਲ-ਨਾਲ ਮੈਨੇਜਿੰਗ ਕਮੇਟੀ ਦੇ ਅਹੁੱਦੇਦਾਰ, ਮੈਂਬਰ ਸਾਹਿਬਾਨ, ਪ੍ਰਿੰਸੀਪਲ ਤੇ ਅਧਿਆਪਕ ਸ਼ਾਮਲ ਹੋਣਗੇ।ਇਸ ਨਗਰ-ਕੀਰਤਨ ਦੌਰਾਨ ਕਾਲਜ ਦੇ ਵਿਦਿਆਰਥੀ, ਵਿਦਿਆਰਥਣਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਕੀਰਤਨ ਦੁਆਰਾ ਗੁਰੂ-ਜਸ ਗਾਇਨ ਕਰਨਗੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ’ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਕਾਲਜ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਦੇ ਵਿਦਿਆਰਥੀ ਨਾਲ-ਨਾਲ ਚੱਲਣਗੇ।ਕਿਉਂਕਿ ਕਾਲਜ ਕੈਂਪਸ ‘ਨੋ ਪਲਾਸਟਿਕ’ ਜ਼ੋਨ ਹੈ, ਇਸ ਲਈ ਨਗਰ ਕੀਰਤਨ ਦੌਰਾਨ ਕਿਸੇ ਤਰ੍ਹਾਂ ਦੇ ਪਲਾਸਟਿਕ ਵਰਤਣ ’ਤੇ ਪਾਬੰਦੀ ਹੋਵੇਗੀ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …