ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ।ਫਿਲਮਾਂ ਬਦਲ ਗਈਆਂ ਹਨ।ਕਹਾਣੀਆਂ ਬਦਲ ਗਈਆਂ ਹਨ।ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ ਬਦਲ ਗਿਆ ਹੈ।ਪੰਜਾਬੀ ਫ਼ਿਲਮ `ਤੇਰੇ ਲਈ` ਇਸ ਬਦਲਦੇ ਦੌਰ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ।ਇਹ ਫ਼ਿਲਮ ਮੁਹੱਬਤ, ਪਰਿਵਾਰਕ ਡਰਾਮਾ ਤੇ ਕਾਮੇਡੀ ਨਾਲ ਲਬਰੇਜ਼ ਹੈ।ਪੰਜਾਬੀ ਸਿਨੇਮਾ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਇਸ ਫ਼ਿਲਮ ਦਾ ਹੀਰੋ ਹੈ। ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵਿਤਾਜ ਬਰਾੜ ਇਸ ਫ਼ਿਲਮ ਦੀ ਹੀਰੋਇਨ।ਦੋਵੇਂ ਜਣੇ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ।ਫਿਲਮ ਨਿਰਦੇਸ਼ਕ ਅਮਿਤ ਪ੍ਰਾਸ਼ਰ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ।
ਇਸ ਫਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਦੀ ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਾ ਹੋ ਰਹੀ ਹੈ।ਫ਼ਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਨੇ ਦੱਸਿਆ ਕਿ ਉਹਨਾਂ ਦੀ ਇਹ ਫ਼ਿਲਮ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ, ਜੋ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ।ਅਜੋਕੀ ਨੌਜਵਾਨ ਪੀੜੀ ਦੇ ਦੁਆਲੇ ਘੁੰਮਦੀ ਇਹ ਫ਼ਿਲਮ ਘਰਾਂ ਤੋਂ ਦੂਰ ਰਹਿੰਦੇ ਮੁੰਡੇ, ਕੁੜੀਆਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।ਰੁਮਾਂਸ, ਕਾਮੇਡੀ ਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ, ਜੋ ਉਨਾਂ ਦੀ ਕਸਵੱਟੀ ‘ਤੇ ਖਰੀ ਉਤਰੇਗੀ।
9 ਦਸੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਅਮਰੀਕ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਇਸ ਫ਼ਿਲਮ ਦਾ ਨਾਇਕ ਹੈ।ਅਮਰੀਕ ਆਪਣੀ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜਿਓ ਰਿਹਾ ਹੈ।ਉਸ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ, ਜਦੋਂ ਫ਼ਿਲਮ ਦੀ ਨਾਇਕਾ ਸੰਯੋਗ ਆਉਂਦੀ ਹੈ।ਹਰੀਸ਼ ਮੁਤਾਬਿਕ ਇਹ ਫ਼ਿਲਮ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ।ਦਰਸ਼ਕ ਉਸਦੀ ਅਤੇ ਸਵਿਤਾਜ ਬਰਾੜ ਦੀ ਜੋੜੀ ਨੂੰ ਭਰਪੂਰ ਪਿਆਰ ਦੇਣਗੇ।ਇਹ ਫ਼ਿਲਮ ਪੰਜਾਬੀ ਸਿਨਮਾ ਵਿੱਚ ਇਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਵੀ ਦਮ ਰੱਖਦੀ ਹੈ।ਸਵਿਤਾਜ ਬਰਾੜ ਮੁਤਾਬਿਕ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਇਸ ਵਿੱਚ ਉਸਦਾ ਇਕ ਐਸੀ ਲੜਕੀ ਦਾ ਕਿਰਦਾਰ ਹੈ, ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਊਂਦੀ ਹੈ।ਪਰ ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ, ਇਸ ਕੁੜੀ ਦੀ ਜ਼ਿੰਦਗੀ ਬਦਲਦੀ ਹੈ, ਜਦੋਂ ਉਸਦਾ ਪਰਿਵਾਰ ਉਸ ਦੀ ਰਜ਼ਾਮੰਦੀ ਤੋਂ ਬਿਨਾਂ ਉਸਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ।ਇਹ ਕਿਰਦਾਰ ਅਜੋਕੀ ਨੌਜਵਾਨ ਪੀੜੀ ਤੋਂ ਪ੍ਰੇਰਿਤ ਹੈ।ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ, ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ।2711202202
ਹਰਜਿੰਦਰ ਸਿੰਘ ਜਵੰਦਾ
ਮੋ- 9463828000