Saturday, October 26, 2024

ਸਾਰੇ ਸਾਈਨ ਬੋਰਡ 21 ਫਰਵਰੀ ਤੱਕ ਪੰਜਾਬੀ ਵਿੱਚ ਕੀਤੇ ਜਾਣ – ਕੈਬਨਿਟ ਮੰਤਰੀ ਹੇਅਰ

ਕਿਹਾ, ਕੋਈ ਵੀ ਆਪਣੇ ਅਮੀਰ ਸੱਭਿਆਚਾਰ ਅਤੇ ਮਾਂ-ਬੋਲੀ ਤੋਂ ਵੱਖ ਹੋ ਕੇ ਨਹੀਂ ਰਹਿ ਸਕਦਾ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਭਗਵੰਤ ਮਾਨ ਸਰਕਾਰ ਹਰੇਕ ਸਾਕਾਰਾਤਮਕ ਕਦਮ ਚੁੱਕ ਰਹੀ ਹੈ ਅਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਮੌਕੇ ਸੂਬੇ ਭਰ ਵਿਚ ਲੱਗੇ ਸਾਰੇ ਸਾਈਨ ਬੋਰਡਾਂ ਨੂੰ ਪੰਜਾਬੀ ਵਿੱਚ ਕੀਤਾ ਜਾਵੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਗੁਰਮੀਤ ਸਿੰਘ ਮੀਤ ਹੇਅਰ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਨੇ ਕੀਤਾ।ਉਨਾਂ ਕਿਹਾ ਕਿ 21 ਫਰਵਰੀ ਤੱਕ ਸੂਬੇ ਭਰ ਵਿੱਚ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਕੀਤੇ ਜਾਣਗੇ ਅਤੇ ਜਿਨਾਂ ਵਲੋਂ ਇਹ ਕਦਮ ਨਹੀਂ ਚੁੱਕੇ ਜਾਣਗੇ ਉਨਾਂ ਤੇ ਜੁਰਮਾਨੇ ਵੀ ਲਗਾਏ ਜਾਣਗੇ।ਉਨਾਂ ਕਿਹਾ ਕਿ ਕੋਈ ਵੀ ਆਪਣੇ ਅਮੀਰ ਸੱਭਿਆਚਾਰ ਅਤੇ ਮਾਂ-ਬੋਲੀ ਤੋਂ ਵੱਖ ਹੋ ਕੇ ਨਹੀਂ ਰਹਿ ਸਕਦਾ।ਉਨਾਂ ਪੰਜਾਬੀਆਂ ਨੂੰ ਸੂਬੇ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ ’ਤੇ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਲਗਾਉਣ ਲਈ ਲਹਿਰ ਸ਼ੁਰੂ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਲੋਕ ਜਿਥੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ’ਤੇ ਉਨ੍ਹਾਂ ਦੀ ਮਾਂ-ਬੋਲੀ ਵਿਚ ਸਾਈਨ ਬੋਰਡ ਲੱਗੇ ਹੋਏ ਹਨ।ਉਨਾਂ ਕਿਹਾ ਕਿ ਸੂਬੇ ਵਿੱਚ ਸਾਈਨ ਬੋਰਡਾਂ ਤੇ ਪਹਿਲੇ ਨੰਬਰ ਤੇ ਪੰਜਾਬੀ ਭਾਸ਼ਾ ਤੇ ਫਿਰ ਦੂਜੀ ਭਾਸ਼ਾ ਲਿਖੀਆਂ ਜਾਣ।
ਹੇਅਰ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ ਆਪਣੇ ਕੈਂਪਸ ਵਿੱਚ ਆਪਣੀ ਭਾਸ਼ਾ ਬੋਲਣ ’ਤੇ ਪਾਬੰਦੀ ਲਗਾਉਣਗੀਆਂ, ਉਨਾਂ ਵਿਰੁੱਧ ਸੂਬਾ ਸਰਕਾਰ ਸਖ਼ਤ ਕਾਰਵਾਈ ਕਰੇਗੀ।ਉਨਾਂ ਮੀਟਿੰਗ ਦੌਰਾਨ ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਯਕੀਨੀ ਬਣਾਉਣ ਕੇ 21 ਫਰਵਰੀ ਤੱਕ ਜਿਲ੍ਹੇ ਵਿੱਚ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਹੋਣ।
ਇਸ ਮੀਟਿੰਗ ਵਿੱਚ ਡਾ: ਅਜੈ ਗੁਪਤਾ, ਡਾ: ਜਸਬੀਰ ਸਿੰਘ, ਸ੍ਰੀਮਤੀ ਜੀਵਨਜੋਤ ਕੌਰ (ਤਿੰਨੋ ਵਿਧਾਇਕ), ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਡੀ.ਸੀ.ਪੀ ਪੀ.ਐਸ ਭੰਡਾਲ, ਐਕਸੀਅਨ ਪ੍ਰਦੂਸ਼ਣ ਬੋਰਡ ਹਰਪਾਲ ਸਿੰਘ, ਐਸ.ਡੀ.ਓ ਅਮਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਵਿਦਿਆਰਥੀਆਂ ਦਾ ਰਾਹ ਦਸੇਰਾ ਬਣੇਗਾ ਜਿਲ੍ਹਾ ਪ੍ਰਸ਼ਾਸ਼ਨ

ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – …