ਫੁੱਲਾਂ ਅਤੇ ਪੌਦਿਆਂ ਦੀਆਂ 500 ਐਂਟਰੀਆਂ ਦਰਜ਼
ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਫੁੱਲਾਂ ਦੀ ਆਮਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਸ਼ੁਰੂ ਹੋਈ ਤਾਂ ਯੂਨੀਵਰਸਿਟੀ ਦੇ ਵਿਦਿਆਰਥੀ ਭੌਰਿਆਂ ਵਾਂਗ ਮੰਡਰਾਉਂਦੇ ਹੋਏ ਫੁੱਲਾਂ ਅਤੇ ਪੌਦਿਆਂ ਦੇ ਦਰਸ਼ਨ ਦਿਦਾਰੇ ਕਰਨ ਲਈ ਆ ਪਹੁੰਚੇ।ਭਾਂਤ ਭਾਂਤ ਰੰਗਾਂ ਦੀਆਂ ਗੁਲਦਾਉਂਦੀਆਂ ਚਮਕਦੀ ਨਿੱਘੀ ਧੁੱਪ ਵਿਚ ਇਸ ਤਰ੍ਹਾਂ ਖਿੜ ਰਹੀਆਂ ਸਨ।ਜਿਸ ਤਰ੍ਹਾਂ ਭਾਈ ਵੀਰ ਸਿੰਘ ਕਾਵਿ ਅਨੁਸਾਰ ਨਿੱਕੇ ਨਿੱਕੇ ਚੰਦਰਮਾਂ ਧਰਤੀ ਉਪਰ ਉਤਰ ਆਏ ਹੋਣ। ਯੂਨੀਵਰਸਿਟੀ ਦੇ ਵਿਦਿਆਰਥੀ ਇਨ੍ਹਾਂ ਰੰਗ ਬਰੰਗੀਆਂ ਗੁਲਦਾਉਂਦੀਆਂ ਦੇ ਆਲੇ ਦੁਆਲੇ ਮੰਡਰਾ ਰਹੇ ਸਨ ਅਤੇ ਛੂਹ ਕੇ ਫੁੱਲਾਂ ਦੀ ਕੋਮਲਤਾ ਦਾ ਅਹਿਸਾਸ ਕਰ ਰਹੇ ਸਨ।
ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਨੂੰ ਵੇਖਣ ਲਈ ਕੁਦਰਤ ਪੇ੍ਰਮੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਅੱਜ ਸਵੇਰ ਤੋਂ ਹੀ ਪੰਜਾਬ ਭਰ ਵਿਚੋਂ ਜਿਥੇ ਵੱਖ ਵੱਖ ਕਾਲਜਾਂ, ਸਕੂਲਾਂ, ਨਰਸਰੀਆਂ ਵਾਲਿਆਂ ਨੇ ਸੋਹਣੇ ਸੋਹਣੇ ਗਮਲਿਆਂ ਵਿਚ ਸਜੇ ਵੱਖ ਵੱਖ ਵੰਨਗੀਆਂ ਦੇ ਫੁੱਲਾਂ ਅਤੇ ਪੌਦਿਆਂ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਹੈ ਉਥੇ ਇਸ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਵਿਚ `ਚ ਹੋਣ ਵਾਲੇ ਮੁਕਾਬਲਿਆਂ ਦੇ ਲਈ ਵਿਅਕਤੀਗਤ ਤੌਰ `ਤੇ ਬਹੁਤ ਸਾਰੇ ਕੁਦਰਤ ਪ੍ਰੇਮੀਆਂ ਵੱਲੋਂ 500 ਐਂਟਰੀਆਂ ਦਰਜ ਕਰਵਾਈਆਂ ਗਈਆਂ, ਜਿਨ੍ਹਾਂ ਵਿਚ 54 ਗੁਲਦਾਉਦੀਆਂ, 68 ਇਨਡੋਰ ਪਲਾਂਟ ਅਤੇ 54 ਕੈਕਟਸ ਐਂਟਰੀਆਂ ਤੋਂ ਇਲਾਵਾ 22 ਐਂਟਰੀਆਂ ਫੁੱਲਾਂ ਦੀਆਂ ਰੰਗੋਲੀਆਂ ਸ਼ਾਮਿਲ ਹਨ।
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਅਤੇ ਕੁਦਰਤ ਦੀਦਾਰ ਨਾਲ ਲਬਰੇਜ਼ ਹਸਤੀ, ਉੱਘੇ ਕਵੀ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਵੀ ਮੇਲੇ ਦਾ ਹਿੱਸਾ ਬਣੀਆਂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿਚ ਲੱਗੇ ਇਸ ਫੁੱਲਾਂ ਦੇ ਮੇਲੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੌਗਿਰਦੇ ਨੂੰ ਹੋਰ ਮਹਿਕਣ ਲਾ ਦਿੱਤਾ ਹੈ।ਭਲਕੇ 15 ਦਸੰਬਰ ਨੂੰ ਇਸ ਦਾ ਵਿਧੀਵਤ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੁਪਹਿਰ 1.00 ਵਜੇ ਉਦਘਾਟਨ ਕਰਨਗੇ ਅਤੇ ਮਾਹਿਰਾਂ ਦੀਆਂ ਟੀਮਾਂ ਫੁੱਲਾਂ ਦੀਆਂ ਵੱਖ-ਵੱਖ ਵੰਨਗੀਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ `ਤੇ ਆਉਣ ਵਾਲਿਆਂ ਦਾ ਐਲਾਨ ਕਰਨਗੇ।16 ਦਸੰਬਰ ਨੂੰ ਮੇਲੇ ਦੇ ਆਖਰੀ ਦਿਨ ਪ੍ਰੋ. ਸੰਧੂ ਹੀ ਜੇਤੂਆਂ ਨੂੰ ਇਨਾਮ ਦੇਣਗੇ।
ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਇੰਚਾਰਜ਼ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ ਅਤੇ ਡਾ. ਸੁਨੈਨਾ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਡਾ. ਜਸਵਿੰਦਰ ਸਿੰਘ ਬਿਲਗਾ, ਸਲਾਹਕਾਰ ਬਾਗਬਾਨੀ, ਜਿਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਨਿੱਜੀ ਦਿਲਚਸਪੀ ਅਤੇ ਠੋਸ ਕਦਮਾਂ ਦੇ ਸਦਕਾ ਇਸ ਮੇਲੇ ਦੀ ਸਥਾਪਤੀ ਵਿਚ ਭਰਪੂਰਤਾ ਨਾਲ ਯੋਗਦਾਨ ਪਾਇਆ, ਦੇ ਪਾਏ ਪੂੂਰਨਿਆਂ ਨੂੰ ਅੱਗੇ ਵਧਾਉਂਦੇ ਹੋਏ ਕਾਰਜ ਚੱਲ ਰਹੇ ਹਨ।ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਜੋ ਖੁਦ ਵਾਤਾਵਰਣ ਪ੍ਰਤੀ ਜਾਗਰਤੀ ਲਿਆਉਣ ਲਈ ਨਿੱਜੀ ਦਿਲਚਸਪੀ ਲੈਂਦੇ ਹਨ ਦੇ ਯਤਨਾਂ ਸਦਕਾ 2017 ਤੋਂ ਫੁੱਲਾਂ ਦੇ ਮੇਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਸੀ, ਜਿਸ ਵਿਚ ਸਾਰੇ ਪੰਜਾਬ ਵਿਚੋਂ ਲੋਕ ਇਸ ਮੇਲੇ ਦਾ ਹਿੱਸਾ ਬਣਦੇ ਹਨ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਹੋਰ ਵੀ ਲੋਕਾਂ ਤਕ ਪੁਚਾਉਣ ਦਾ ਸੰਕਲਪ ਲੈ ਕੇ ਵਾਪਿਸ ਪਰਤਦੇ ਹਨ।