ਸਿਡਨੀ (ਆਸਟਰੇਲੀਆ), 24 ਦਸੰਬਰ (ਲਖਵਿਦਰ ਸਿੰਘ ਮਾਨ) – ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ, ਸਾਰਾਗੜ੍ਹੀ ਤੇ ਐਨਜ਼ੈਕ ਜੰਗਾਂ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ, ਪੱਛਮੀ ਸਿਡਨੀ ਦੀ ਬਲੈਕਟਾਊਨ ਕੌਂਸਲ ਦੇ ਅੰਦਰ, ਗੁਰਦੁਆਰਾ ਸਾਹਿਬ ਸਿੱਖ ਸੈਂਟਰ ਦੇ ਨੇੜੇ, ਗਲੈਨਵੁੱਡ ਸਬਅਰਬ ਦੇ ਪਾਰਕ ਵਿਖੇ ਲੱਗਣ ਵਾਲੇ, ਸਿੱਖ ਸਿਪਾਹੀ ਦੇ ਬੁੱਤ ਦਾ ਨੀਂਹ-ਪੱਥਰ ਰੱਖ ਦਿੱਤਾ ਹੈ।
ਫ਼ਤਹਿ ਫਾਊਂਡਸ਼ਨ ਵਜੋਂ ਲਗਾਏ ਜਾ ਰਹੇ ਇਸ ਬੁੱਤ ਦਾ ਕਾਰਜ਼ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ।ਫਾਊਂਡੇਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਹਰਕੀਰਤ ਸਿੰਘ ਸੰਧਰ ਨੇ ਦੱਸਿਆ ਕਿ ਇਸ ਬੁੱਤ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਿਜ਼ੀ ਵਿਚ ਸਿੱਖ ਦੀ ਪਛਾਣ ਹੋਵੇਗੀ, ਜੋ ਸਿੱਖਾਂ ਦੀ ਬਹਾਦਰੀ, ਸੂਰਬੀਰਤਾ ਅਤੇ ਸ਼ਹਾਦਤ ਤੋਂ ਦੂਜੇ ਭਾਈਚਾਰਿਆਂ ਜਾਣੂ ਕਰਵਾਉਣ ਵਿੱਚ ਸਹਾਈ ਹੋਵੇਗਾ।ਅਗਲੇ ਕੁੱਝ ਹਫ਼ਤਿਆਂ ਤੱਕ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ।
ਪਾਰਕਲੀ ਸਕੂਲ ਦੇ ਸਾਹਮਣੇ, ਲੇਕ ਪਾਰਕ ਵਿਚ ਇਸ ਬੁੱਤ ਦੀ ਕੁੱਲ ਉਚਾਈ 4 ਮੀਟਰ ਦੇ ਕਰੀਬ ਹੋਵੇਗੀ।ਬਾਜਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੋਈ ਸਵਾ ਕੁ ਲੱਖ ਡਾਲਰ ਦਾ ਹੈ, ਜਿਸ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਿਵਜ਼ਬੀ, ਗੁਰਦੁਆਰਾ ਗੁਰੂ ਨਾਨਕ ਤਾਰਾਮਾਰਾ, ਗੁਰਦੁਆਰਾ ਕੈਨਬਰਾ, ਗੁਰਦੁਆਰਾ ਪੈਨਰਥ ਦੇ ਨਾਲ-ਨਾਲ ਸਮੁੱਚੀ ਸੰਗਤ ਨੇ ਹਿੱਸਾ ਪਾਇਆ ਹੈ।
ਇਹ ਪੂਰਾ ਬੁੱਤ ਬਰਾਸ ਧਾਤੂ ਦਾ ਬਣਿਆ ਹੋਇਆ ਹੈ।ਬਲੈਕਟਾਊਨ ਕੌਂਸਲ ਤੋਂ ਪਹੁੰਚੇ ਮੇਅਰ ਟੋਨੀ ਬਲੀਮਡੇਲ, ਰਿਵਰਸਟਨ ਤੋਂ ਕੇਵਿਨ ਕੋਨੋਲੀ, ਕੌਂਸਲਰ ਮਨਿੰਦਰ ਸਿੰਘ ਤੇ ਕੌਂਸਲਰ ਕੁਸ਼ਪਿੰਦਰ ਕੌਰ ਨੇ ਸਿੱਖ ਭਾਈਚਾਰੇ ਨੂੰ ਇਸ ਸ਼ੁੱਭ ਕਾਰਜ਼ ਲਈ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਫ਼ਤਹਿ ਫਾਊਂਡੇਸ਼ਨ ਦੀ ਪੂਰੀ ਟੀਮ ਅਮਰਿੰਦਰ ਬਾਜਵਾ, ਗੈਰੀ ਸਿੰਘ, ਦਵਿੰਦਰ ਸਿੰਘ ਧਾਰੀਆ, ਨਵਤੇਜ ਬਸਰਾ ਨੇ ਸਾਰੀ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਇਸ ਪੂਰੇ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਇਕਜੁੱਟਤਾ ਦਿਖਾਈ।
ਬਲੈਕਟਾਊਨ ਕੌਂਸਲ ਵਿਚ ਸਾਡੇ ਆਪਣੇ ਦੋ ਕੌਂਸਲਰਾਂ: ਡਾ. ਮੋਨਿੰਦਰ ਸਿੰਘ ਅਤੇ ਬੀਬਾ ਕੁਲਵਿੰਦਰ ਕੌਰ, ਦੇ ਉਚੇਚੇ ਯਤਨਾਂ ਸਦਕਾ, ਮੇਅਰ ਟੋਨੀ ਬਲਿਸਡੇਲ, ਡਿਪਟੀ ਮੇਅਰ ਜੂਲੀ ਗ੍ਰਿਫਿਥ ਨੇ ਇਸ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ।
ਇਸ ਮੌਕੇ ਵੱਡੀ ਗਿਣਤੀ ‘ਚ ਸਿੱਖ ਸੰਗਤ, ਐਮ.ਪੀ, ਕੈਵਿਨ ਕੋਨੋਲੀ, ਸਟੇਟ ਨਿਊ ਸਾਊਥ ਵੇਲਜ਼ ਦੇ ਐਮ.ਐਲ.ਸੀ ਸ਼ੌਕਤ ਮੋਸਲਮੇਨ ਸਮੇਤ ਆਸਟ੍ਰੇਲੀਅਨ ਆਗੂਆਂ ਨੇ ਵੀ ਹਾਜ਼ਰੀ ਭਰੀ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …