Saturday, December 21, 2024

ਪੰਜਾਬ ਸਪੋਰਟਸ ਯੂਨੀਵਰਸਿਟੀ ਦਾ 6 ਰੋਜ਼ਾ ‘ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਮਹਿਲਾ ਹਾਕੀ ਟੂਰਨਾਮੈਂਟ ਸੰਪਨ

ਬੱਚਿਆਂ ਨੂੰ ਪੜ੍ਹਾਈ ਦੇ ਨਾਲ ਕੋਈ ਨਾ ਕੋਈ ਗੇਮ ਜ਼ਰੂਰ ਰੱਖਣੀ ਚਾਹੀਦੀ ਹੈ- ਇੰਦਰਬੀਰ ਨਿੱਝਰ

ਅੰਮਿ੍ਰਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਵੱਲੋਂ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਨਾਲ ਜੋੜਣ ਲਈ ਕੀਤੇ ਜਾ ਰਹੇ ਯਤਨ ਸਲਾਹੁਣਯੋਗ ਹਨ ਅਤੇ ਅਜੋਕੇ ਸਮੇਂ ’ਚ ਖੇਡਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ, ਜਿਸ ਲਈ ਬੱਚਿਆਂ ਨੂੰ ਕੋਈ ਨਾ ਕੋਈ ਗੇਮ ਜ਼ਰੂਰ ਰੱਖਣੀ ਚਾਹੀਦੀ ਹੈ, ਜਿਸ ਨਾਲ ਦੇਸ਼, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਹੁੰਦਾ ਹੈ।
ਇਹ ਸ਼ਬਦ ਖ਼ਾਲਸਾ ਕਾਲਜ ਦੇ ਮੈਦਾਨ ਵਿਖੇ ਫਿਜ਼ੀਕਲ ਐਜੂਕੇਸ਼ਨ ਕਾਲਜ ਵਲੋਂ ਮਹਾਰਾਜਾ ਭੁਪੇਂਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਚੱਲ ਰਹੇ ‘6 ਰੋਜ਼ਾ ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਮਹਿਲਾ ਹਾਕੀ ਟੂਰਨਾਮੈਂਟ’ ਦੇ ਆਖ਼ਰੀ ਦਿਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਇਨਾਮ ਦੇਣ ਲਈ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਨੇ ਖਾਲਸਾ ਕਾਲਜ ਵਿਖੇ ਐਸਟਰੋਟਰਫ਼ ਗਰਾਊਂਡ ਬਣਾਉਣ ਲਈ ਸੂਬਾ ਸਰਕਾਰ ਪਾਸੋਂ ਹਰ ਪ੍ਰਕਾਰ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਖ਼ਾਲਸਾ ਕਾਲਜ ਦੇ ਖੇਡ ਮੈਦਾਨ ਵਿਖੇ ਪਿਛਲੇ 6 ਦਿਨਾਂ ਤੋਂ ਚੱਲ ਰਹੇ ਇਸ ਟੂਰਨਾਮੈਂਟ ਦੇ ਅੱਜ ਆਖ਼ਰੀ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ, ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੇ ਦੂਜਾ ਅਤੇ ਐਮ.ਡੀ ਯੂਨੀਵਰਸਿਟੀ, ਰੋਹਤਕ ਨੇ ਤੀਜਾ ਸਥਾਨ ਹਾਸਲ ਕੀਤਾ। ਜਿਸ ’ਚ ਜੰਮੂ, ਕਸ਼ਮੀਰ, ਸ਼ਿਮਲਾ, ਅਲੀਗੜ੍ਹ, ਕੁਰਕੇਸ਼ਤਰ, ਸਹਾਰਨਪੁਰ, ਅਯੁਧਿਆ, ਨੈਨੀਤਾਲ, ਸਿਰਸਾ, ਲੁਧਿਆਣਾ ਹਿਸਾਰ, ਚੰਡੀਗੜ੍ਹ, ਮੇਰਠ, ਬਰੇਲੀ, ਰੋਹਤਕ, ਭਿਵਾਨੀ ਆਦਿ ਸਮੇਤ ਕਰੀਬ 28 ਟੀਮਾਂ ਨੇ ਹਾਕੀ ਦਾ ਮੁਜ਼ਾਹਰਾ ਕੀਤਾ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਮਹਾਰਾਜਾ ਭੁਪੇਂਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਲੈਫ਼. ਜਨਰਲ ਜੇ.ਐਸ ਚੀਮਾ, ਅਰੁਜਨਾ ਐਵਰਾਡੀ ਬਿਗ੍ਰੇਡੀਅਰ ਹਰਚਰਨ ਸਿੰਘ, ਰਾਣੀ ਰਾਮਪਾਲ, ਪਦਮਸ੍ਰੀ ਦਰੋਣਾਚਾਰੀ ਐਵਾਰਡੀ ਬਲਵਿੰਦਰ ਸ਼ੰਮੀ, ਬਲਦੇਵ ਸਿੰਘ ਨਾਲ ਮਿਲ ਕੇ ਕੈਬਨਿਟ ਮੰਤਰੀ ਨਿੱਜ਼ਰ ਨਾਲ ਹਾਕੀ ਖਿਡਾਰਣਾਂ ਦੀ ਜਾਣ ਪਛਾਣ ਕਰਵਾਈ।ਉਪਰੰਤ ਨਿੱਜ਼ਰ ਨੇ ਹਾਕੀ ਖਿਡਾਰਣਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਸ ਪੈ ਰਹੀ ਅੱਤ ਕੜਾਕੇ ਦੀ ਸਰਦੀ ’ਚ ਖਿਡਾਰਣਾਂ ਵੱਲੋਂ ਕੀਤਾ ਗਿਆ ਹਾਕੀ ਦਾ ਪ੍ਰਦਰਸ਼ਨ ਬਹੁਤ ਹੀ ਕਾਬਲੇ ਤਾਰੀਫ਼ ਹੈ ਅਤੇ ਜਿਸ ਲਈ ਉਨ੍ਹਾਂ ਮਿਹਨਤ ਅਤੇ ਜੋਸ਼ ਪ੍ਰਸੰਸਾਯੋਗ ਹੈ।
ਉਪ ਕੁਲਪਤੀ ਲੈਫ਼. ਜਨਰਲ ਜੇ.ਐਸ ਚੀਮਾ ਨੇ ਹਰਚਰਨ ਸਿੰਘ, ਰਾਣੀ ਰਾਮਪਾਲ, ਬਲਵਿੰਦਰ ਸ਼ੰਮੀ, ਬਲਦੇਵ ਸਿੰਘ ਅਤੇ ਡਾ. ਕੰਵਲਜੀਤ ਸਿੰਘ ਅਤੇ ਫ਼ੈਕਲਟੀ ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੇ ਜੋ ਇਸ ਕੜਾਕੇ ਦੀ ਠੰਡ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਹ ਕਾਬਲੇ ਤਾਰੀਫ਼ ਹੈ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਹ ਗੇਮ ਬਹੁਤ ਹੀ ਉਚੇ ਦਰਜੇ ਦੀ ਹੈ, ਜਿਸ ਲਈ ਬੱਚਿਆਂ ਨੇ ਬਹੁਤ ਹੀ ਮਿਹਨਤ ਕਰ ਕੇ ਚੰਗੇ ਤਰੀਕੇ ਨਾਲ ਇਸ ’ਚ ਹਿੱਸਾ ਲਿਆ ਅਤੇ ਜਿਸ ਦਾ ਨਤੀਜਾ ਬਹੁਤ ਹੀ ਸਫ਼ਲਤਾਪੂਰਵਕ ਰਿਹਾ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਕਰਵਾਉਣ ਲਈ ਡਾ. ਕੰਵਲਜੀਤ ਸਿੰਘ ਦਾ ਯਤਨ ਸਲਾਹੁਣਯੋਗ ਹੈ, ਜਿਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।ਉਨ੍ਹਾਂ ਜੇਤੂ ਟੀਮਾਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ’ਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪਿ੍ਰੰ: ਡਾ. ਕੰਵਲਜੀਤ ਸਿੰਘ ਨੇ ਕਾਲਜ ਵਿਖੇ ਕਰਵਾਏ ਗਏ 6 ਰੋਜ਼ਾ ਟੂਰਨਾਮੈਂਟ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਈਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਕਤ ਯੂਨੀਵਰਸਿਟੀ ਵੱਲੋਂ ਪਹਿਲਾਂ ਇੰਟਰ ਟੂਰਨਾਮੈਂਟ ਕਰਵਾਉਣ ਦਾ ਜੋ ਸੁਭਾਗ ਕਾਲਜ ਨੂੰ ਪ੍ਰਾਪਤ ਹੋਇਆ ਹੈ, ਉਸ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਜੂਨੀਅਰ ਕੋਚ ਅਮਰਜੀਤ ਤੋਂ ਇਲਾਵਾ ਹੋਰ ਸਖਸ਼ੀਅਤਾਂ ਤੇ ਵਿਦਿਆਰਥੀ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …