ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਹਰ ਥਾਂ ਚਰਚਾ ਦਾ ਵਿਸ਼ਾ ਬਣੀ।ਹਰ ਕੋਈ ਸੇਬ ਚੁੱਕ ਕੇ ਲੈ ਜਾਣ ਵਾਲੇ ਰਾਹਗੀਰਾਂ ਨੂੰ ਲਾਹਨਤਾਂ ਪਾ ਰਿਹਾ ਹੈ।ਕਈ ਤਾਂ ਇਸ ਘਟਨਾ ਨੂੰ ਪੰਜਾਬੀਆਂ ਦੀ ਇਜ਼ਤ ਉਤੇ ਧੱਬਾ ਗ਼ਰਦਾਨ ਰਹੇ ਹਨ।ਹਾਲਾਂ ਕਿ ਬਾਅਦ ਵਿੱਚ 2 ਪੰਜਾਬੀ ਵਪਾਰੀਆਂ ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਨੂੰ ਉਸ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈਕ ਦੇ ਦਿੱਤਾ।ਪਰ ਇਥੇ ਇਹ ਗੱਲਾਂ ਵੀ ਵਿਚਾਰਨ ਯੋਗ ਹਨ ਕਿ ਹਮੇਸ਼ਾਂ ਛੋਟੀ ਚੋਰੀ ਕਰਨ ਵਾਲਾ ਹੀ ਕਿਉਂ ਚੋਰ ਵੱਜਦਾ ਹੈ, ਜਦੋਂ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਕਰੋੜਾਂ ਡਕਾਰ ਜਾਣ ਵਾਲੇ ਭਦਰਪੁਰਸ਼ ਬਣੇ ਰਹਿੰਦੇ ਹਨ।ਕੀ ਸੇਬ ਚੋਰਾਂ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੇ ਆਪ ਕਦੇ ਗਿੱਲੇ ਗੋਹੇ ‘ਤੇ ਪੈਰ ਨਹੀਂ ਧਰਿਆ? ਮੈਂ ਇਥੇ ਉਨ੍ਹਾਂ ਸੇਬ ਚੋਰੀ ਕਰਨ ਵਾਲਿਆਂ ਦਾ ਪੱਖ ਨਹੀਂ ਲੈ ਰਿਹਾ, ਯਕੀਨਨ ਚੋਰੀ ਕਰਨਾ ਮਾੜੀ ਗੱਲ ਹੈ।ਪਰ ਸੋਸ਼ਲ ਮੀਡੀਆ ਇੱਕ ਅਜਿਹੀ ਥਾਂ ਹੈ, ਜਿਥੇ ਲੋਕ ਜਿਹੜੀ ਗੱਲ ਦੇ ਮਗਰ ਪੈ ਗਏ, ਉਸ ਦਾ ਗਾਹ ਪਾ ਕੇ ਛੱਡਦੇ ਹਨ।ਕਈ ਵਾਰ ਤਾਂ ਸੱਚਾਈ ਕੁੱਝ ਹੋਰ ਹੁੰਦੀ ਹੈ, ਪਰ ਉਹ ਝੂਠੀ ਅਤੇ ਬਿਨਾਂ ਪੁਸ਼ਟੀ ਕੀਤੀ ਖ਼ਬਰ ਏਨੀ ਵਾਇਰਲ ਹੋ ਜਾਂਦੀ ਹੈ ਕਿ ਬੇਜ਼ਤੀ ਮਹਿਸੂਸ ਕਰਦਿਆਂ ਕਈਆਂ ਨੂੰ ਆਤਮ ਹੱਤਿਆ ਵਰਗਾ ਕਦਮ ਵੀ ਉਠਾਉਣਾ ਪਿਆ ਹੈ।ਮੁੱਕਦੀ ਗੱਲ ਸਾਨੂੰ ਕਿਸੇ ਉਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਮੈਂ ਕਿੰਨਾ ਕੁ ਦੱਧ ਧੋਤਾ ਹਾਂ।ਕੇਵਲ ਚਰਚਾ ਦਾ ਵਿਸ਼ਾ ਬਣੀ ਚੋਰੀ ਚੋਰੀ ਨਹੀਂ ਹੁੰਦੀ ਪਰਦੇ ਦੇ ਪਿੱਛੇ ਕੀਤਾ ਹਰ ਨਜਾਇਜ਼ ਕੰਮ ਉਹ ਭਾਵੇਂ ਰਿਸ਼ਵਤਖੋਰੀ, ਸਿਫਾਰਜ਼ਬਾਜ਼ੀ, ਬਿਜ਼ਲੀ ਚੋਰੀ, ਟੈਕਸ ਚੋਰੀ ਆਦਿ ਕੁੱਝ ਵੀ ਹੋਵੇ ਉਹ ਵੀ ਚੋਰੀ ਹੀ ਹੁੰਦੀ ਹੈ।ਕੁੱਲ ਮਿਲਾ ਕੇ ਸਾਡੇ ਵਿੱਚੋਂ 90 ਪ੍ਰਤੀਸ਼ਤ ਚੋਰ ਹੀ ਹਨ ਅਤੇ ਬਾਕੀ ਦੇ 10 ਪ੍ਰਤੀਸ਼ਤ ਵਿਚੋਂ ਸਾਢੇ 9 ਫੀਸਦ ਵੀ ਉਹ ਹਨ, ਜਿਨ੍ਹਾਂ ਵਿਚਾਰਿਆਂ ਦਾ ਕਿਤੇ ਦਾਅ ਨਹੀਂ ਲਗਦਾ।ਇਸ ਫੀਸਦ ਨੂੰ ਘਟਾਉਣ ਦੀ ਸ਼ਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ।
ਸੋ ਆਓ, ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਧੜਾ ਧੜ ਨਿੰਦਾ ਕਰਨ ਦੀ ਥਾਂ ਇਨ੍ਹਾਂ ਤੋਂ ਸਬਕ ਸਿਖੀਏ ਅਤੇ ਹੋਰਾਂ ਨੂੰ ਸਮਝਾਉਣ ਦੀ ਥਾਂ ਕਦੇ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰਨ ਦਾ ਪਹਿਲਾਂ ਖੁਦ ਪ੍ਰਣ ਕਰੀਏ।ਕਿਉਂਕਿ ਹਰ ਗ਼ਲਤ ਕੰਮ ਨਾਲ ਕਿਸੇ ਨਾ ਕਿਸੇ ਦੀ ਜਿੰਦਗੀ ਜਰੂਰ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ।2912202201
ਚਨਣਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ, ਮਾਨਸਾ
ਮੋ – 9876888177