Wednesday, August 6, 2025
Breaking News

ਮੋਰਚਿਆਂ ਦੀ ਸਟੇਜ਼ ‘ਤੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਕੀਰਤਨ ਸਮਾਗਮ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਨਵੰਬਰ ਤੋਂ ਲਗਾਤਾਰ ਪੰਜਾਬ ਭਰ ਦੇ ਡੀ.ਸੀ ਦਫਤਰਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਮਨਾਉਂਦਿਆਂ ਜਥੇਬੰਦੀ ਵਲੋਂ ਵੱਖ-ਵੱਖ ਥਾਵਾਂ ‘ਤੇ ਕੀਰਤਨ ਸਮਾਗਮ ਕਰਵਾਏ ਗਏ।ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਾਂਤੀਕਾਰੀ ਫਲਸਫੇ ਤੋਂ ਸਿੱਖਿਆ ਲੈਂਦੇ ਹੋਏ ਸੰਘਰਸ਼ ਦੇ ਰਾਹ ‘ਤੇ ਵਧਣਾ ਪਵੇਗਾ ਤਾਂ ਹੀ ਅਜ਼ੋਕੇ ਸਮੇ ‘ਚ ਤਾਨਾਸ਼ਾਹੀ ਰੂਪ ਅਖਤਿਆਰ ਕਰ ਚੁੱਕੀਆਂ ਸਰਕਾਰਾਂ ਵਲੋਂ ਕੀਤੇ ਜਾ ਰਹੇ ਧੱਕੇ ਨੂੰ ਠੱਲ ਪਾਈ ਜਾ ਸਕਦੀ ਹੈ।
ਆਗੂਆਂ ਨੇ ਕਿਹਾ ਕਿ ਉਹਨਾਂ ਨੇ ਵੀ ਆਪਣਾ ਸੁੱਖ ਆਰਾਮ ਤਿਆਗ ਕੇ ਗਰੀਬ ਮਜ਼ਲੂਮ ਦੇ ਹੱਕਾਂ ਹਕੂਕਾਂ ਦੀ ਜੱਦੋਜਹਿਦ ਕਰਨਾ ਮੁਨਾਸਿਬ ਸਮਝਿਆ ਅਤੇ ਅੱਜ ਸਾਡਾ ਵੀ ਇਹ ਫਰਜ਼ ਬਣਦਾ ਕਿ ਅਗਰ ਅਸੀਂ ਸੱਚੇ ਪੈਰੋਕਾਰ ਹਾਂ ਤਾਂ ਗੁਰੂ ਸਾਹਿਬ ਦੇ ਦਰਸਾਏ ਰਸਤੇ ‘ਤੇ ਚੱਲੀਏ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਸਟੇਟਾਂ ਦੇ ਅਧਿਕਾਰ ਆਪਣੇ ਹੱਥਾਂ ਵਿਚ ਲਏ ਜਾ ਰਹੇ ਹਨ।ਦਿੱਲੀ ਮੋਰਚੇ ਵਿਚ ਕੀਤੇ ਵਾਅਦੇ ਅਨੁਸਾਰ ਕੇਂਦਰ ਸਰਕਾਰ ਮੋਰਚੇ ਦੀਆਂ ਮੰਨੀਆਂ ਗਈਆਂ ਮੰਗਾਂ ਤੋਂ ਭੱਜ ਰਹੀ ਹੈ।ਲਖੀਮਪੁਰ ਖੀਰੀ ਕਤਲ ਕਾਂਡ ਦੇ ਸਾਜ਼ਿਸ਼ ਕਰਤਾ ਤੌਰ ‘ਤੇ ਧਾਰਾ 120ਬੀ ਦੇ ਦੋਸ਼ੀ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਜੇਲ੍ਹ ‘ਚ ਸੁੱਟਿਆ ਜਾਣਾ ਚਾਹੀਦਾ ਹੈ, ਪੀੜਤ ਧਿਰ ਦੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦਾ ਭਾਅ 2+50% ਦੇ ਹਿਸਾਬ ਨਾਲ ਦਿੱਤਾ ਜਾਵੇ, 23 ਫ਼ਸਲਾਂ ਤੇ ਐਮ.ਐਸ.ਪੀ ਦਾ ਗਰੰਟੀ ਕਨੂੰਨ ਬਣਾਇਆ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ, ਬਿਜਲੀ ਵੰਡ ਲਾਇਸੈਂਸ ਨਿਗਮ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਐਸ.ਵਾਈ.ਐਲ ਦੇ ਮਸਲੇ ਦਾ ਹੱਲ ਰਾਏਪੇਰੀਆਨ ਕਨੂੰਨ ਦੇ ਹਿਸਾਬ ਨਾਲ ਕੀਤਾ ਜਾਵੇ, ਬਾਡਰ ਤੇ ਲੱਗੀ ਕੰਡਿਆਲੀ ਤਾਰ ਜ਼ੀਰੋ ਲਾਈਨ ਤੇ ਕੀਤੀ ਜਾਵੇ ਅਤੇ ਤਾਰ ਪਾਰਲੇ ਖੇਤਾਂ ਵਿਚ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ, ਅੰਦੋਲਨਾਂ ਵਿਚ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਪਾਏ ਪਰਚੇ ਰੱਦ ਕੀਤੇ ਜਾਣ, ਦਿੱਲੀ ਤੇ ਹਰਿਆਣਾ ਵਿਚ ਦਿੱਲੀ ਮੋਰਚੇ ਦੌਰਾਨ ਫੜੇ ਗਏ ਟਰੈਕਟਰ ਆਦਿ ਸਾਧਨ ਛੱਡੇ ਜਾਣ, ਤੋਂ ਇਲਾਵਾ ਹੋਰ ਮੁੱਖ ਮੰਗਾਂ ਹਨ। ਓਹਨਾ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸੜਕੀ ਆਵਾਜਾਈ ਆਮ ਲੋਕਾਂ ਲਈ 15 ਦਸੰਬਰ ਤੋਂ ਟੋਲ ਮੁਕਤ ਚੱਲ ਰਹੀ ਹੈ ਜਿਸ ਦੇ ਅੱਜ 15 ਦਿਨ ਪੂਰੇ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਜ਼ੀਰਾ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ।ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੌਕੇ ਵੱਖ-ਵੱਖ ਜ਼ੋਨਾਂ ਤੋਂ ਹਜ਼ਾਰਾ ਦੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਹਾਜ਼ਰੀ ਭਰੀ। (ਪੰਜਾਬ ਪੋਸਟ ਰੋਜ਼ਾਨਾ ਆਨਲਾਈਨ ਨਿਊਜ਼ ਪੋਰਟਲ)

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …