ਬੱਲ ਕਲਾਂ ਤੇ ਨਾਗ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 7 ਜਨਵਰੀ (ਸੁਖਬੀਰ ਸਿੰਘ) – ਉਦਯੋਗਾਂ ਦੀ ਤਰੱਕੀ ਤੋਂ ਬਿਨਾਂ ਕੋਈ ਵੀ ਰਾਜ ਵਿਕਾਸ ਨਹੀਂ ਕਰ ਸਕਦਾ ਅਤੇ ਉਦਯੋਗਾਂ ਨੂੰ ਵਿਕਸਤ ਕਰਨ ਲਈ ਸਭ ਤੋਂ ਵੱਡੀ ਮੁੱਢਲੀ ਜ਼ਰੂਰਤ ਬਿਜਲੀ ਹੈ, ਜੇਕਰ ਬਿਜਲੀ ਹੋਵੇਗੀ ਤਾਂ ਹੀ ਉਦਯੋਗ ਵਿਕਸਤ ਹੋਣਗੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਬੱਲ ਕਲਾਂ ਅਤੇ ਨਾਗ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਧਿਆਨ ਵਿੱਚ ਲਿਆਂਦਾ ਕਿ ਬੱਲ ਕਲਾਂ ਅਤੇ ਨਾਗ ਕਲਾਂ ਵਿਖੇ ਸਟਾਫ ਦੀ ਘਾਟ ਹੈ ਅਤੇ ਇਥੇ ਤਿੰਨ ਫੀਡਰ ਲੱਗੇ ਹੋਏ ਹਨ, ਪਰੰਤੂ ਬ੍ਰੇਕਰ ਨਹੀਂ ਲਗਾਏ ਗਏ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਬਿਜ਼ਲੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਲ ਕਲਾਂ ਅਤੇ ਨਾਗ ਕਲਾਂ ਵਿਖੇ ਤੁਰੰਤ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਸੋਮਵਾਰ ਤੱਕ ਤਿੰਨੇ ਬ੍ਰੇਕਰ ਇਥੇ ਪਹੁੰਚ ਜਾਣੇ ਚਾਹੀਦੇ ਹਨ।ਈ.ਟੀ.ਓ ਨੇ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਬਲ ਕਲਾਂ ਵਿਖੇ ਪੀਣ ਵਾਲਾ ਪਾਣੀ ਦੀ ਟੈਂਕੀ ਬਣਾਉਣ ਦਾ ਭਰੋਸਾ ਵੀ ਦਿੱਤਾ।ਉਨਾਂ ਕਿਹਾ ਕਿ ਸਾਡੀ ਸਰਕਾਰ ਉਦਯੋਗਪਤੀਆਂ ਦੇ ਨਾਲ ਖੜੀ ਹੈ ਅਤੇ ਉਦਯੋਗਪਤੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਬਿਜਲੀ ਮੰਤਰੀ ਨੇ ਕਿਹਾ ਕਿ ਬੱਲ ਕਲਾਂ ਅਤੇ ਨਾਗ ਕਲਾਂ ਵਿਖੇ ਜਲਦ ਹੀ ਬਿਜਲੀ ਦੀ ਮੁਰੰਮਤ ਲਈ ਵਾਹਣ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋੜ ਪੈਣ ‘ਤੇ ਤੁਰੰਤ ਹੀ ਬਿਜਲੀ ਦੇ ਫਾਲਟ ਨੂੰ ਦੂਰ ਕੀਤਾ ਜਾ ਸਕਦੇ।ਉਨਾਂ ਦੱਸਿਆ ਕਿ ਪੁਰਾਣਾ ਫੋਕਲ ਪੁਆਇੰਟ ਵਿਖੇ ਇਕ ਨਵਾਂ ਫੀਡਰ ਲਗਾ ਦਿੱਤਾ ਜਾਵੇਗਾ, ਤਾਂ ਜੋ ਦੋਵੇਂ ਫੋਕਲ ਪੁਆਇੰਟਾਂ ਦਾ ਲੋਡ ਆਪਸ ਵਿੱਚ ਵੰਡਿਆ ਜਾ ਸਕੇ।ਪੰਜਾਬ ਸਰਕਾਰ ਉਦਯੋਗਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ ਅਤੇ ਉਨਾਂ ਦੀਆਂ ਜੋ ਵੀ ਮੰਗਾਂ ਹੋਣਗੀਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
ਬਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੀਫ ਪੈਟਰਨ ਸੰਦੀਪ ਖੋਸਲਾ ਨੇ ਬਿਜਲੀ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪਹਿਲੀ ਵਾਰ ਵੇਖਿਆ ਹੈ ਕਿ ਸਾਡੀਆਂ ਮੰਗਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨਾਂ ਨੂੰ ਹਲ ਕੀਤਾ ਹੈ।
ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਜਤਿੰਦਰ ਸਿੰਘ, ਸੀਨੀਅਰ ਵਾਇਸ ਪ੍ਰਧਾਨ ਰਾਜਨ ਮਹਿਰਾ, ਸੰਜੀਵ ਮਹਾਜਨ, ਸ਼ਾਮ ਅਗਰਵਾਲ, ਸੰਜੀਵ ਅਗਰਵਾਲ ਕਿਸ੍ਰਨ ਕੁਮਾਰ ਕੁੱਕੂ, ਵਿਸ਼ਾਲ ਕਪੂਰ, ਸੰਨੀ ਵੋਹਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਉਦਯੋਗਪਤੀ ਹਾਜ਼ਰ ਸਨ।