Thursday, May 23, 2024

ਕਾਲਜ਼ਾਂ ਦੀ ਸਾਂਝੀ ਐਕਸ਼ਨ ਕਮੇਟੀ ਮਾਨ ਸਰਕਾਰ ਦੇ ਖਿਲਾਫ਼ ਸੰਘਰਸ਼ ਤੇਜ਼ ਕਰਨ ਦੇ ਰੋਂਅ ’ਚ

ਅਧਿਆਪਕ ਕਾਲੇ ਬਿੱਲੇ ਲਾ ਕੇ ਕਰਨਗੇ ਹੜਤਾਲ – ਛੀਨਾ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੈਰ-ਸਰਕਾਰੀ ਏਡਿਡ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ (ਐਨ.ਜੀ.ਏ.ਸੀ.ਐਮ.ਐਫ), ਤਿੰਨ ਰਾਜ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਐਸੋਸੀਏਸ਼ਨਜ਼ ’ਤੇ ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੀ ਸਾਂਝੀ ਐਕਸ਼ਨ ਕਮੇਟੀ (ਜੇ.ਏ.ਸੀ) ਨੇ ਅੱਜ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਅਤੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 58 ਕਰਨ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ।
ਜੇ.ਏ.ਸੀ ਦੀ ਅੱਜ ਖ਼ਾਲਸਾ ਕਾਲਜ ਵਿਖੇ ਹੋਈ ਹੰਗਾਮੀ ਮੀਟਿੰਗ ’ਚ ਉਚੇਰੀ ਸਿੱਖਿਆ ਨੂੰ ਦਰਪੇਸ਼ ਸੰਵੇਦਨਸ਼ੀਲ ਮੁੱਦਿਆਂ ਬਾਰੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਫੈਡਰੇਸ਼ਨ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ।ਫੈਡਰੇਸ਼ਨ ਦੇ ਸਕੱਤਰ ਐਸ.ਐਮ ਸ਼ਰਮਾ, ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ (ਪਟਿਆਲਾ ਯੂਨੀਵਰਸਿਟੀ), ਪ੍ਰਿੰਸੀਪਲ ਡਾ. ਗੁਰਦੇਵ ਸਿੰਘ (ਜੀ.ਐਨ.ਡੀ.ਯੂ ਯੂਨੀਵਰਸਿਟੀ), ਪੀ.ਸੀ.ਸੀ.ਟੀ.ਯੂ ਦੇ ਪ੍ਰਧਾਨ ਡਾ: ਵਿਨੈ ਸੋਫਤ ਅਤੇ ਜਨਰਲ ਸਕੱਤਰ ਡਾ: ਗੁਰਦਾਸ ਸਿੰਘ ਸੇਖੋਂ ਸ਼ਾਮਲ ਸਨ।
ਜੇ.ਏ.ਸੀ ਨੇ ਸਰਬਸੰਮਤੀ ਨਾਲ ਮੁੱਦਿਆਂ ’ਤੇ ਸਰਕਾਰ ਦੇ ਅੜੀਅਲ ਵਤੀਰੇ ਦੀ ਪੁਰਜ਼ੋਰ ਨਿੰਦਾ ਕੀਤੀ। ਮੀਟਿੰਗ ਉਪਰੰਤ ਛੀਨਾ ਨੇ ਕਿਹਾ ਕਿ ਜੇ.ਏ.ਸੀ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਕਾਲਜ ‘ਵਿਤਕਰੇ ਭਰੇ’ ਕੇਂਦਰੀਕ੍ਰਿਤ ਦਾਖਲਾ ਪੋਰਟਲ ਵਿੱਚ ਹਿੱਸਾ ਨਹੀਂ ਲਵੇਗਾ, ਕਿਉਂਕਿ ਇਸ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵਲੋਂ ਮਨਮਾਨੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਨੂੰ 60 ਸਾਲ ਦੀ ਬਜਾਏ 58 ਸਾਲ ਦੀ ਉਮਰ ’ਚ ਅਧਿਆਪਕਾਂ ਦੀ ਸੇਵਾਮੁਕਤੀ ਬਾਰੇ ਸਪੱਸ਼ਟ ਕਰਨ ਲਈ ਆਖਦਿਆਂ, ਜੇ.ਏ.ਸੀ ਨੇ ਇਸ ਦੌਰਾਨ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ-ਕਾਲਜਾਂ ਦੇ ਕਾਲਜ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ 58 ਸਾਲ ਦੀ ਉਮਰ ਵਿੱਚ ਕਿਸੇ ਵੀ ਅਧਿਆਪਕ ਜਾਂ ਪ੍ਰਿੰਸੀਪਲ ਨੂੰ 31 ਮਾਰਚ, 2023 ਤੱਕ ਸੇਵਾਮੁਕਤ ਨਾ ਕਰਨ ਕਿਉਂਕਿ ਜੇ.ਏ.ਸੀ ਇਸ ਗੰਭੀਰ ਮੁੱਦੇ ’ਤੇ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।
ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ 7 ਫਰਵਰੀ 2023 ਨੂੰ ਪੰਜਾਬ ਦੇ 200 ਤੋਂ ਵੱਧ ਕਾਲਜਾਂ ਦੇ ਸਾਰੇ ਅਧਿਆਪਕ ਆਪੋ-ਆਪਣੇ ਕਾਲਜਾਂ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਕਾਲੇ ਬਿੱਲੇ ਲਗਾ ਕੇ 10 ਫਰਵਰੀ ਨੂੰ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਆਪਣੇ ਕਾਲਜ ਦੇ ਗੇਟਾਂ ’ਤੇ ਹੜਤਾਲ ਕਰਨਗੇ ਅਤੇ ਕਾਲਜਾਂ ਦੇ ਐਂਟਰੀ ਗੇਟਾਂ ’ਤੇ ਕਾਲੇ ਝੰਡੇ ਲਹਿਰਾਉਣਗੇ।
ਇਸ ਤੋਂ ਇਲਾਵਾ 15, 16 ਫਰਵਰੀ ਨੂੰ ਕਾਲਜ ਅਧਿਆਪਕ ਕਾਲਜਾਂ ਦਾ ਮੁਕੰਮਲ ਬੰਦ ਮਨਾਉਣਗੇ ਅਤੇ ਕਾਲਜਾਂ ਦੇ ਗੇਟਾਂ ’ਤੇ ਹੜਤਾਲ ਅਤੇ ਧਰਨੇ ਦੇਣਗੇ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵੱਲ ਰੋਸ ਮਾਰਚ ਕਰਨਗੇ।ਪੀ.ਸੀ.ਸੀ.ਟੀ.ਯੂ ਦੇ ਪ੍ਰਧਾਨ ਡਾ: ਸੋਫਤ ਨੇ ਕਿਹਾ, “ਜੇ ਸਰਕਾਰ ਅਜੇ ਵੀ ਨਾ ਜਾਗੀ ਤਾਂ 16 ਫਰਵਰੀ ਤੋਂ ਬਾਅਦ ਸਾਂਝੀ ਐਕਸ਼ਨ ਕਮੇਟੀ ਮੀਟਿੰਗ ਕਰਕੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਸਬੰਧੀ ਅਹਿਮ ਫੈਸਲਾ ਲਵੇਗੀ।

 

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …