Sunday, September 15, 2024

ਬਸੰਤ ਪੰਚਮੀ

‘ਬਸੰਤ’ ਦੇ ਤਿਉਹਾਰ ਨੂੰ ‘ਬਸੰਤ ਪੰਚਮੀ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਸੰਤ ਦਾ ਤਿਉਹਾਰ ਮਾਘ ਮਹੀਨੇ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ।ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਬੱਚਿਆਂ ਦਾ ਬਹੁਤ ਹੀ ਮਨਭਾਉਂਦਾ ਤਿਉਹਾਰ ਹੈ।ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ਼ ਹੈ।ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜੇ ਨਜ਼ਰ ਆਉਂਦੇ ਹਨ।ਵੈਸੇ ਤਾਂ ਅਜਕਲ੍ਹ ਚਾਹੇ ਮੌਸਮ ਵੀ ਬਦਲ ਗਏ ਹਨ, ਪਰ ਫਿਰ ਵੀ ਇਹ ਦਿਨ ਸੁਹਾਵਣੇ ਮੌਸਮ ਦੀ ਆਮਦ ਦਾ ਸੂਚਕ ਹੁੰਦਾ ਹੈ।ਮੰਨਿਆ ਜਾਂਦਾ ਹੈ ਕਿ ਇਸ ਦਿਨ ਕੜਾਕੇ ਦੀ ਠੰਡ ਖਤਮ ਹੋ ਜਾਂਦੀ ਹੈ ਤਾਂਹੀ ਕਿਹਾ ਜਾਦਾ ਹੈ, “ਆਈ ਬਸੰਤ, ਪਾਲ਼ਾ ਉਡੰਤ”।
ਪੁਰਾਤਨ ਪੁਸਤਕਾਂ ਅਨੁਸਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਹਿਲੀ ਵਾਰੀ ਬਸੰਤ ਦਾ ਮੇਲਾ 1599 ਵਿੱਚ ਲੱਗਾ ਸੀ, ਜਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ।ਅੰਮ੍ਰਿਤਸਰ ਦੇ ਨੇੜੇ ਛੇਹਰਟੇ ਲਾਗੇ ਗੁਰੂ ਹਰਿਗੋਬਿੰਦ ਦੀ ਯਾਦ ਵਿੱਚ ਜਿਥੇ ਛੇ ਹਰਟਾਂ ਵਾਲ਼ਾ ਖੂਹ ਹੈ, ਇਥੇ ਬਸੰਤ ਪੰਚਮੀ ਦਾ ਮੇਲਾ ਅੱਜ ਵੀ ਲੱਗਦਾ ਹੈ।
ਬਸੰਤ ਪੰਚਮੀ ਦਾ ਤਿਉਹਾਰ ਨੂੰ ਬੱਚੇ ਪਤੰਗਾਂ ਉਡਾ ਕੇ ਮਨਾਉਂਦੇ ਹਨ।ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਪਤੰਗਾਂ ਨਾਲ ਭਰਿਆ ਨਜਰ ਆਉਂਦਾ ਹੈ।ਫਿਰੋਜ਼ਪੁਰ ਪਤੰਗਾਂ ਉਡਾਉਣ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਹੈ।ਇਥੇ ਵਿੱਚ ਸਭ ਤੋਂ ਵੱਧ ਪਤੰਗਾਂ ਉਡਾਈਆਂ ਜਾਂਦੀਆਂ ਹਨ।ਲੋਕ ਡੀ.ਜੇ ਅਤੇ ਢੋਲ ਵਗੈਰਾ ਵਜਾ ਕੇ ਪਤੰਗਾਂ ਉਡਾਉਂਦੇ ਹਨ।ਇਸ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਜਲੰਧਰ ਵਿੱਚ ਪਤੰਗਾਂ ਉਡਾਉਣ ਦਾ ਰੁਝਾਣ ਜਿਆਦਾ ਹੈ।ਵੱਡੇ ਸ਼ਹਿਰਾਂ ਵਿੱਚ ਇਸ ਦਿਨ ਆਕਾਸ਼ ਵੀ ਰੰਗਮੰਚ ਲੱਗਦਾ ਹੈ।ਪੁਰਾਤਨ ਰਿਵਾਇਤ ਅਨੁਸਾਰ ਇਸ ਦਿਨ ਔਰਤਾਂ ਬਸੰਤੀ ਰੰਗ ਦੇ ਕੱਪੜੇ ਪਾ ਕੇ ਗਿੱਧਾ ਪਾਉਂਦੀਆਂ ਸਨ ਅਤੇ ਗੀਤ ਗਾਉਂਦੀਆਂ ਸਨ ਇਸ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਸੀ।
ਪਤੰਗਾਂ ਤਾਂ ਸਾਲਾਂ ਤੋਂ ਉਡਦੀਆਂ ਆ ਰਹੀਆਂ ਹਨ, ਪਰ ਅੱਜ ਪਤੰਗਾਂ ਮਨੋਰੰਜ਼ਨ ਤੋਂ ਜਿਆਦਾ ਖੌਫ ਬਣੀਆਂ ਹੋਈਆਂ ਹਨ।ਖੁਸ਼ੀ ਦੇਣ ਵਾਲੀਆਂ ਪਤੰਗਾਂ ਅੱਜ ਖੂਨੀ ਪਤੰਗਾਂ ਬਣ ਗਈਆਂ ਹਨ।ਪਿਛਲੇ ਕੁੱਝ ਸਾਲਾਂ ਤੋਂ ਚਾਈਨਾ ਦੀਆਂ ਡੋਰਾਂ ਸਭ ਲਈ ਖੌਫ ਬਣੀਆਂ ਹੋਇਆ ਹਨ।ਦਿਨੋ-ਦਿਨ ਇਸ ਦੇ ਮਾੜੇ ਪ੍ਰਭਾਵ ਵੱਧਦੇ ਜਾ ਰਹੇ ਹਨ।ਐਤਕੀਂ ਚਾਈਨਾ ਦੀਆਂ ਡੋਰਾਂ ਕਾਰਨ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਫਿਰ ਵੀ ਸਵਾਰਥੀ ਲੋਕ ਆਪਣੇ ਨਿੱਜੀ ਮੁਨਾਫਿਆਂ ਲਈ ਪੰਛੀਆਂ ਤੇ ਮਾਸੂਮਾਂ ਦੇ ਕਾਤਿਲ ਬਣ ਰਹੇ ਹਨ।ਸਰਕਾਰ ਵੱਲੋਂ ਇਸ ਦੇ ਖਿਲਾਫ ਕਰੜੇ ਕਾਨੂੰਨ ਬਣਾ ਦਿੱਤੇ ਗਏ ਹਨ ਫਿਰ ਵੀ ਆਏ ਦਿਨ ਇਸ ਚਾਈਨਾ ਡੋਰ ਕਾਰਨ ਵਾਪਰਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਜਿਹੜੇ ਲੋਕ ਚਾਈਨਾ ਡੋਰਾਂ ਦੀ ਕਾਲਾ ਬਜ਼ਾਰੀ ਬੰਦ ਨਹੀਂ ਕਰ ਰਹੇ, ਉਹ ਕੱਲ੍ਹ ਨੂੰ ਨਸ਼ਿਆਂ ਦਾ ਵਪਾਰ ਵੀ ਕਰਨਗੇ।ਇਸ ਲਈ ਸਰਕਾਰ ਨੂੰ ਸਖਤੀ ਨਾਲ ਇਸ ਦੇ ਖਿਲਾਫ ਐਕਸ਼ਨ ਲੈਣ ਦੀ ਲੋੜ ਹੈ।
ਬੱਚਿਆਂ ਨੂੰ ਵੀ ਬੇਨਤੀ ਕਰਦੇ ਹੈ ਕਿ ਤੁਸੀਂ ਬਸੰਤ ਮਨਾਉ, ਪਰ ਖੂਨੀ ਪਤੰਗਾਂ ਨਾਲ ਨਹੀ! ਪਤੰਗਾਂ ਤੁਸੀਂ ਖੁਸ਼ੀ ਲਈ ਉਡਾਉਣੀਆਂ ਹਨ ਨਾ ਕਿ ਪੰਛੀਆਂ ਅਤੇ ਮਾਸੂਮਾਂ ਦੇ ਕਾਤਿਲ ਬਨਣਾ ਹੈ।ਚਾਈਨਾ ਡੋਰ ਨਾ ਆਪ ਵਰਤੋ ਅਤੇ ਨਾ ਹੀ ਆਪਣੇ ਯਾਰਾਂ ਦੋਸਤਾਂ ਨੂੰ ਵਰਤਨ ਦਿਓ।ਆਪਣਾ ਅਤੇ ਦੂਸਰਿਆਂ ਦੀ ਵੀ ਖੁਸ਼ੀ ਦਾ ਖਿਆਲ ਰੱਖੋ।2901202301

ਭਵਨਦੀਪ ਸਿੰਘ ਪੁਰਬਾ
1195, ਅਜੀਤ ਨਗਰ ਮੋਗਾ (ਪੰਜਾਬ)
ਮੋ- 9988-92-9988

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …