Tuesday, December 5, 2023

ਗਾਇਕ ਤੇ ਲੇਖਕ ਸਿੱਧੂ ਫਰੀਦਕੋਟੀ ਦੀ ਯਾਦ ‘ਚ ਸਾਹਿਤਕ ਸਮਾਗਮ

ਸਿੱਧੂ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ ਦੇ ਕੇ ਕੀਤਾ ਸਨਮਾਨਿਤ

ਅੰਮ੍ਰਿਤਸਰ, 30 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਦੇ ਮੁੱਖ ਸਲਾਹਕਾਰ, ਅਗਾਂਹਵਧੂ ਲੇਖਕ ਤੇ ਗਾਇਕ ਸਤਨਾਮ ਸਿੱਧੂ ਫਰੀਦਕੋਟੀ ਦੀ ਯਾਦ ਵਿੱਚ ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਡਾ. ਐਸ. ਐਸ ਖਾਲਸਾ, ਬਾਬਾ ਲਖਬੀਰ ਸਿੰਘ ਤਲਵੰਡੀ ਨਾਹਰ, ਕੌਂਸਲਰ ਹਰਜੀਤ ਸਿੰਘ ਰਾਜਾਸਾਂਸੀ, ਕਾਮਰੇਡ ਜਸਬੀਰ ਸਿੰਘ ਝਬਾਲ, ਸਤਨਾਮ ਔਲਖ, ਅਦਾਕਾਰ ਸਤਨਾਮ ਮੂਧਲ, ਗ਼ਜ਼ਲਗੋ ਸੁਰਿੰਦਰ ਸਿੰਘ ਚੋਹਕਾ, ਸਟੇਜੀ ਕਵੀ ਕੁਲਦੀਪ ਸਿੰਘ ਦਰਾਜ਼ਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮ ਗੰਜ ਦੇ ਲੈਕਚਰਾਰ ਬਲਬੀਰ ਸਿੰਘ ਨੇ ਸਿੱਧੂ ਫਰੀਦਕੋਟੀ ਨੂੰ ਯਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਮਿੱਠੀ, ਸੁਰੀਲੀ ਤੇ ਬੁਲੰਦ ਆਵਾਜ਼ ਦੇ ਮਾਲਕ ਸਨ, ਉੱਘੇ ਉਨ੍ਹਾਂ ਦੀ ਕਲਮ ਵਿੱਚ ਵੀ ਦਮ ਸੀ।ਉਨ੍ਹਾਂ ਦੇ ਲਿਖੇ ਗੀਤ “ਚਰਖਾ ਰੋਂਦਾ ਏ, ਕਰਦਾ ਏ ਘੂੰਅ ਘੂੰਅ” ਨੂੰ ਔਜਲਾ ਬ੍ਰਦਰਜ਼ ਨੇ ਰਿਕਾਰਡ ਕਰਵਾਇਆ ਸੀ।ਇਸ ਤੋਂ ਇਲਾਵਾ ਉਨ੍ਹਾਂ “ਅੱਲਾ ਤੇ ਪੱਲਾ ਬੀਬਾ ਸਾਂਭ ਕੇ ਰੱਖੀਂ”, “ਉਠੇ ਕੋਈ ਲਾਲ ਸੂਰਮਾ ਧਰਤੀ ਮਾਂ ਕਹਿੰਦੀ ਏ” ਵਰਗੇ ਗੀਤਾਂ ਦੀ ਸਿਰਜਣਾ ਕੀਤੀ ਤੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਏ।ਬੁਲਾਰਿਆਂ ਨੇ ਕਿਹਾ ਕਿ ਸਿੱਧੂ ਫਰੀਦਕੋਟੀ ਦੇ ਵਿਛੋੜੇ ਨਾਲ ਪਰਿਵਾਰ ਦੇ ਨਾਲ ਸੰਗੀਤਕ ਜਗਤ, ਸਾਹਿਤਕ ਖੇਤਰ ਨੂੰ ਵੀ ਵੱਡਾ ਘਾਟਾ ਪਿਆ ਹੈ।ਉੱਘੇ ਗਾਇਕ ਮੱਖਣ ਭੈਣੀਵਾਲਾ ਤੇ ਜਗਰੂਪ ਸਿੰਘ ਐਮਾ ਨੇ ਫਰੀਦਕੋਟੀ ਨੂੰ ਸਮਰਪਿਤ ਗੀਤ ਪੇਸ਼ ਕੀਤੇ।ਸਾਹਿਤ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੇ ਫਰਜ਼ ਨਿਭਾਉਂਦੇ ਹੋਏ ਕਈ ਯਾਦਾਂ ਵੀ ਸਾਂਝੀਆਂ ਕੀਤੀਆਂ।ਵਿਰਸਾ ਵਿਹਾਰ ਸੁਸਾਇਟੀ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਆਏ ਹੋਏ ਲੇਖਕਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।ਸਾਹਿਤ ਸਭਾ ਚੋਗਾਵਾਂ, ਜਸਬੀਰ ਝਬਾਲ ਤੇ ਡਾ. ਖਾਲਸਾ ਵਲੋਂ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਯੁਧਬੀਰ ਸਿੰਘ ਔਲਖ, ਪਰਗਟ ਸਿੰਘ ਔਲਖ, ਇਖਲਾਕ ਸਿੱਧੂ, ਜਗਜੀਤ ਕੌਰ ਸਿੱਧੂ, ਕਰਮ ਸਿੰਘ, ਬੋਹੜ ਸਿੰਘ, ਨਵਨੀਤ ਕੌਰ ਸਿੱਧੂ, ਪਰਮਜੋਤ ਕੌਰ ਸਿੱਧੂ, ਦਲਬੀਰ ਸਿੰਘ, ਮਲਕੀਤ ਕੌਰ ਆਦਿ ਹਾਜ਼ਰ ਸਨ ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …