ਸਮਰਾਲਾ ਹਾਕੀ ਕਲੱਬ ਵੱਲੋਂ ਰਾਜ ਪੱਧਰੀ ਖੇਡਾਂ ’ਚ ਵਧੀਆ ਪ੍ਰਦਰਸ਼ਨ ਵਾਲੇ 30 ਖਿਡਾਰੀ ਸਨਮਾਨਿਤ
ਸਮਰਾਲਾ, 4 ਫਰਵਰੀ (ਇੰਦਰਜੀਤ ਸਿੰਘ ਕੰਗ) – ਹਾਲ ਹੀ ਵਿਚ ਹੋਈਆਂ ਰਾਜ ਪੱਧਰੀ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ‘ਸਮਰਾਲਾ ਹਾਕੀ ਕਲੱਬ’ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਵਿਖੇ ‘ਸਨਮਾਨ ਸਮਾਗਮ’ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਅਰਜਨ ਐਵਾਰਡੀ ਰਾਜਪਾਲ ਸਿੰਘ ਹੁੰਦਲ (ਐਸ.ਪੀ ਰੋਪੜ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਆਪਣੇ ਸੰਬੋਧਨ ’ਚ ਉਨਾਂ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ’ਚ ਬੜਾ ਮਹੱਤਵ ਹੈ, ਇਸ ਲਈ ਬੱਚਿਆਂ ਨੂੰ ਆਪਣੀ ਸਕੂਲੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਆਪਣੀ ਰੁਚੀ ਬਣਾਉਣੀ ਚਾਹੀਦੀ ਹੈ।ਕੋਈ ਵੀ ਪ੍ਰਸਿੱਧ ਖਿਡਾਰੀ ਪਹਿਲਾਂ ਇੱਕ ਆਮ ਖਿਡਾਰੀ ਬਣਦਾ ਹੈ, ਪ੍ਰੰਤੂ ਆਪਣੀ ਮਿਹਨਤ, ਅਨੁਸ਼ਾਸਨ ਅਤੇ ਇਮਾਨਦਾਰੀ ਦੇ ਸਦਕਾ ਉਹ ਮਨਚਾਹਾ ਮੁਕਾਮ ਹਾਸਿਲ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਇੱਕ ਚੰਗੇ ਖਿਡਾਰੀ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਕਦੇ ਵੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਇੱਜ਼ਤ ਮਾਣ ਘਟਣ ਨਹੀਂ ਦਿੰਦਾ, ਸਗੋਂ ਆਪਣੀ ਲਗਨ ਦੇ ਬਲਬੂਤੇ ’ਤੇ ਉਹ ਆਪਣੀ ਸੰਸਥਾ ਅਤੇ ਦੇਸ਼ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਹਾਕੀ ਕਲੱਬ ਵਲੋਂ ਇਨ੍ਹਾਂ ਨੰਨ੍ਹੇ-ਮੁੰਨੇ ਖਿਡਾਰੀਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ, ਜੋ ਨਵੇਂ ਉੱਭਰ ਰਹੇ ਖਿਡਾਰੀਆਂ ਲਈ ਵਰਦਾਨ ਸਾਬਿਤ ਹੋਵੇਗਾ।ਉਨ੍ਹਾਂ ਸਨਮਾਨਿਤ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਭਾਵੇਂ ਕਿਸੇ ਵੀ ਮੁਕਾਮ ’ਤੇ ਕਿਉਂ ਨਾ ਪਹੁੰਚ ਜਾਣ, ਕਦੇ ਵੀ ਆਪਣੀ ਪ੍ਰਸਿੱਧੀ ਨੂੰ ਸਿਰ ’ਤੇ ਨਹੀਂ ਚੜ੍ਹਨ ਦੇਣਾ ਚਾਹੀਦਾ, ਕਿਉਂਕਿ ਹੰਕਾਰ ਇਨਸਾਨ ਨੂੰ ਹਮੇਸ਼ਾਂ ਗਿਰਾਵਟ ਵੱਲ ਲੈ ਜਾਂਦਾ ਹੈ।ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਓ.ਐਸ.ਡੀ ਡਾ. ਦਵਿੰਦਰ ਤਿਵਾੜੀ ਅਤੇ ਸਕੂਲ ਮੁਖੀ ਗੁਰਜੰਟ ਸਿੰਘ ਨੇ ਖਿਡਾਰੀ ਬੱਚਿਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।ਮੁੱਖ ਮਹਿਮਾਨ ਰਾਜਪਾਲ ਸਿੰਘ ਹੁੰਦਲ ਅਤੇ ਹਾਕੀ ਕਲੱਬ ਦੇ ਸਮੂਹ ਅਹੁੱਦੇਦਾਰਾਂ ਵਲੋਂ ਵੱਖ-ਵੱਖ ਸਕੂਲਾਂ ਦੇ 30 ਖਿਡਾਰੀਆਂ ਨੂੰ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਲਈ ਸਨਮਾਨ ਪੱਤਰ ਅਤੇ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਏ ਮਹਿਮਾਨਾਂ, ਖਿਡਾਰੀਆਂ ਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।
ਸਨਮਾਨ ਸਮਾਗਮ ’ਚ ਪ੍ਰਿੰ. ਕਮਲਜੀਤ ਕੌਰ, ਸੀਨੀ: ਮੀਤ ਪ੍ਰਧਾਨ ਰੁਪਿੰਦਰ ਸਿੰਘ ਗਿੱਲ, ਕੈਸ਼ੀਅਰ ਮਨਦੀਪ ਸਿੰਘ ਰਿਐਤ, ਕਮਲਜੀਤ ਸਿੰਘ ਮੱਲ੍ਹੀ, ਐਡਵੋਕੇਟ ਸੰਜੀਵ ਕਪੂਰ, ਰਾਜਵਿੰਦਰ ਸਮਰਾਲਾ, ਅਮਨਪ੍ਰੀਤ ਮਾਂਗਟ ਡੈਨਮਾਰਕ, ਨਵਜੀਤ ਮਾਂਗਟ, ਹਰਦੀਪ ਕੌਰ ਮਾਂਗਟ, ਰਛਪਾਲ ਸਿੰਘ ਕੰਗ, ਲੈਕ: ਵਿਜੈ ਕੁਮਾਰ, ਭੁਪਿੰਦਰ ਸਿੰਘ ਰਿਐਤ, ਅੰਮ੍ਰਿਤਪਾਲ ਸਮਰਾਲਾ, ਹਰਬੰਸ ਲਾਲ ਚਾਨਣਾ, ਸੰਤੋਖ ਸਿੰਘ ਕੋਟਾਲਾ, ਹਰਪ੍ਰੀਤ ਸਿੰਘ ਕੋਟਾਲਾ, ਅਮਰਜੀਤ ਸਿੰਘ ਪੀ.ਟੀ.ਆਈ, ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਹੋਏ।