Monday, June 24, 2024

ਚੰਡੀਗੜ੍ਹ ‘ਚ ਪ੍ਰਦਰਸ਼ਨ ਕਰ ਰਹੇ ‘ਆਪ’ ਵਰਕਰਾਂ ‘ਤੇ ਪੁਲਿਸ ਨੇ ਚਲਾਏ ਵਾਟਰ ਕੈਨਨ

ਹਲਕਾ ਦੱਖਣੀ ਦੇ ਗੁਰਪ੍ਰੀਤ ਗੋਪੀ ਅਤੇ ਰਵਿੰਦਰ ਡਾਵਰ ਹੋਏ ਗੰਭੀਰ ਜ਼ਖਮੀ

ਚੰਡੀਗੜ੍ਹ/ ਅੰਮ੍ਰਿਤਸਰ, 12 ਫ਼ਰਵਰੀ (ਸੁਖਬੀਰ ਸਿੰਘ) – ਅਡਾਨੀ ਘੋਟਾਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਲੋਂ ਉਲੀਕੇ ਗਏ ਸੰਘਰਸ਼ ਤਹਿਤ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਦੇ ਨਿਰਦੇਸ਼ਾਂ ਹੇਠ ਹਲਕਾ ਦੱਖਣੀ ਤੋਂ ਵੱਡੀ ਗਿਣਤੀ ‘ਚ ਵਰਕਰਾਂ ਦਾ ਕਾਫਲਾ ਚੰਡੀਗੜ੍ਹ ਵਿਖੇ ਪ੍ਰਦਰਸ਼ਨ ‘ਚ ਸ਼ਾਮਲ ਹੋਇਆ। ਪੂਰੇ ਪੰਜਾਬ ਤੋਂ ਪਹੁੰਚੇ ਆਪ ਵਰਕਰਾਂ ਦਾ ਕਾਫਲਾ ਜਦੋਂ ਸੈਕਟਰ 17 ਵਿਖੇ ਭਾਜਪਾ ਦਫਤਰ ਦਾ ਘਿਰਾਓ ਕਰਨ ਲਈ ਅੱਗੇ ਵਧਿਆ ਤਾਂ ਇਨ੍ਹਾਂ ਵਰਕਰਾਂ ਨੂੰ ਸਥਾਨਕ ਪੁਲਿਸ ਨੇ ਵਾਟਰ ਕੈਨਨ ਦੀਆਂ ਬੋਛਾੜਾਂ ਨਾਲ ਰੋਕਣਾ ਚਾਹਿਆ, ਪਰ ਬੁਲੰਦ ਇਰਾਦੇ ਲੈ ਕੇ ਪ੍ਰਦਰਸ਼ਨ ਵਿਚ ਪਹੁੰਚੇ ਵਰਕਰਾਂ ਨੂੰ ਰੌਕਣਾ ਮੁਸ਼ਕਲ ਹੁੰਦਾ ਗਿਆ ਤਾਂ ਪੁਲਿਸ ਨੇ ਵੀ ਆਪਣਾ ਤਸ਼ੱਦਦ ਜ਼ਾਰੀ ਰੱਖਿਆ।
ਇਸ ਦੌਰਾਨ ਹਲਕਾ ਅੰਮ੍ਰਿਤਸਰ ਦੱਖਣੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਗੰਭੀਰ ਜ਼ਖਮੀ ਹੋ ਗਏ ਅਤੇ ਨਾਲ ਹੀ ਰਵਿੰਦਰ ਡਾਵਰ ਦੇ ਤਾਂ ਗੁੱਟ ‘ਤੇ ਫਰੈਕਚਰ ਹੋ ਗਿਆ।ਉਕਤ ਜ਼ਖਮੀ ਆਗੂਆਂ ਨੂੰ ਮੰਤਰੀ ਨਿੱਜ਼ਰ ਦੇ ਹੁਕਮਾਂ ‘ਤੇ ਉਨ੍ਹਾਂ ਦੇ ਓ.ਐਸ.ਡੀ ਮਨਪ੍ਰੀਤ ਸਿੰਘ ਵਲੋਂ ਇਲਾਜ਼ ਲਈ ਸੈਕਟਰ 16 ਦੇ ਸਰਕਾਰੀ ਮਲਟੀਸਪੈਸ਼ਾਲਿਟੀ ਹਸਪਤਾਲ ਵਿਖੇ ਲਿਜਾਇਆ ਗਿਆ।ਜਿਥੇ ਮੰਤਰੀ ਨਿੱਜ਼ਰ ਨੇ ਜ਼ਖਮੀ ਆਗੂਆਂ ਦਾ ਫੋਨ ‘ਤੇ ਹਾਲ ਜਾਣਿਆ ਅਤੇ ਉਨ੍ਹਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਉਪਰੰਤ ਗੱਲਬਾਤ ਦੌਰਾਨ ਓ.ਐਸ.ਡੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਕ ਅਤੇ ਬੁਲੰਦ ਸੋਚ ਵਾਲੇ ਵਰਕਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਮਿਸ਼ਨ ਨੂੰ ਨੇਪਰੇ ਚਾੜਣ ਲਈ ਹਰ ਸਮੇਂ ਜ਼ਾਲਮ ਸਰਕਾਰਾਂ ਨਾਲ ਮੱਥਾ ਲਗਾਉਣ ਲਈ ਤਿਆਰ ਹਨ।ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਲੋਂ ਕੀਤਾ ਗਿਆ ਸੰਘਰਸ਼ ਸਿਰੇ ਜਰੂਰ ਲੱਗੇਗਾ ਅਤੇ ਅਡਾਨੀ ਘੋਟਾਲੇ ਦਾ ਸੱਚ ਭਾਰਤ ਦੀ ਜਨਤਾ ਦੇ ਸਾਹਮਣੇ ਆ ਕੇ ਰਹੇਗਾ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …