Saturday, December 21, 2024

ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਕਮੇਟੀ ਸਬੰਧੀ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੁ) – ਗੁਰੁ ਨਗਰੀ ਦੇ ਦੌਰੇ ਦੌਰਾਨ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹਰਿਆਣਾ ਕਮੇਟੀ ਐਕਟ ਰੱਦ ਕਰਨ ਦੇ ਸਬੰਧ ਵਿਚ ਦੋ ਮੰਗ ਪੱਤਰ ਵੀ ਸੌਂਪੇ।ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸੌਂਪੇ ਗਏ ਮੰਗ ਪੱਤਰ ’ਚ ਕਿਹਾ ਗਿਆ ਕਿ ਲੰਮੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਉਲੰਘਣ ਹੈ।ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਅਤੇ ਸਰਕਾਰ ਨੂੰ ਬੰਦੀ ਸਿੰਘ ਰਿਹਾਅ ਕਰਨ ਲਈ ਆਦੇਸ਼ ਜਾਰੀ ਕਰਨ।ਇਸ ਮੰਗ ਪੱਤਰ ਵਿਚ ਗੁਰਦੀਪ ਸਿੰਘ ਖੇੜਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਜਗਤਾਰ ਸਿੰਘ ਹਵਾਰਾ ਸਮੇਤ 9 ਸਿੱਖ ਬੰਦੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਦੂਸਰੇ ਮੰਗ ਪੱਤਰ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।ਇਸ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਨੇ ਗੈਰ-ਸੰਵਿਧਾਨਕ ਤਰੀਕੇ ਨਾਲ ਇਹ ਐਕਟ ਬਣਾਇਆ ਹੈ।ਹਰਿਆਣਾ ਕਮੇਟੀ ਐਕਟ ਨੂੰ ਬਣਾਉਣ ਮੌਕੇ ਸਿੱਖ ਗੁਰਦੁਆਰਾ ਐਕਟ 1925 ਦੀ ਮਰਯਾਦਾ ਦਾ ਉਲੰਘਣ ਕੀਤਾ ਗਿਆ ਹੈ।ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ 1925 ਐਕਟ ਅਧੀਨ ਸ਼੍ਰੋਮਣੀ ਕਮੇਟੀ ਪਾਸ ਹੈ ਅਤੇ ਮੌਜੂਦਾ ਸਮੇਂ ਵੀ ਇਸੇ ਤਹਿਤ ਹੀ ਗੁਰਦੁਆਰਾ ਸਾਹਿਬਾਨ ਨੋਟੀਫਾਈਡ ਹਨ।ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਕਿ ਇਸ ਗੈਰ-ਸੰਵਿਧਾਨਕ ਹਰਿਆਣਾ ਕਮੇਟੀ ਐਕਟ ਨੂੰ ਤੁਰੰਤ ਰੱਦ ਕਰਨ ਲਈ ਕਾਰਵਾਈ ਕੀਤੀ ਜਾਵੇ।

 

Check Also

ਸਕੂਲੀ ਵਿਦਿਆਰਥੀਆਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ ਜਿਲ੍ਹਾ ਮਾਨਸਾ ਦੇ ਵਿਦਿਆਰਥੀਆਂ …