Thursday, February 29, 2024

ਖੇਤੀ ਟੈਕਨਾਲੋਜੀ, ਭੋਜਨ ਸੁਰੱਖਿਆ, ਵਿਸ਼ਵੀ ਰੋਜ਼ਗਾਰ, ਨੈਨੋਟੈਕਨਾਲੋਜੀ ਦੇ ਵਿਸ਼ੇ ਰਹਿਣਗੇ ਯੂਨੀਵਰਸਿਟੀ ‘ਚ ਹੋਣ ਵਾਲੇ ਵਾਈ-20 ਪ੍ਰੋਗਰਾਮਾਂ ਦਾ ਕੇਂਦਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਜੀ-20 ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈ-20 ਸਿਖਰ ਸੰਮੇਲਨ ਦੇ ਨੋਡਲ ਅਫਸਰ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਜੀ 20 ਦੇਸ਼ਾਂ ਦੇ ਪ੍ਰਤੀਨਧੀਆਂ ਦੇ ਸਵਾਗਤ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ।ਉਨ੍ਹਾਂ ਕਿਹਾ ਹੈ ਕਿ 15 ਮਾਰਚ ਨੂੰ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਚ ਹੋਣ ਵਾਲੇ ਮੁੱਖ ਸਮਾਗਮ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਹੋਈ ਗੁਰੂ ਨਗਰੀ ਦੇ ਇਤਿਹਾਸ, ਸਭਿਆਚਾਰ, ਕਲਾ, ਸਮਾਜਿਕ ਅਤੇ ਧਾਰਮਿਕ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੀ ਪ੍ਰੋਗਰਾਮ ਉਲੀਕੇ ਗਏ ਹਨ।ਸਾਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜੀ-20 ਦੇ ਅਧੀਨ ਵਾਈ 20 ਦੇ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋ ਰਹੇ ਹਨ।ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆਪਣੇ ਪ੍ਰਬੰਧਾਂ ਨੂੰ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਗਠਿਤ ਕਮੇਟੀਆਂ ਵੀ ਕਾਰਜ਼ ਕਰ ਰਹੀਆਂ ਹਨ।
ਡਾ. ਹਰਦੀਪ ਸਿੰਘ ਨੇ ਕਿਹਾ ਕਿ 14 ਮਾਰਚ ਨੂੰ ਜੀ-20 ਦੇਸ਼ਾਂ ਦੇ ਮਹਿਮਾਨਾਂ ਦਾ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਨਿੱਘਾ ਸਵਾਗਤ ਹੋਵੇਗਾ ਅਤੇ ਉਸ ਉਪਰੰਤ ਮਹਿਮਾਨਾਂ ਨੂੰ ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਫਿਰ ਜ਼ਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਉਹ ਆਪਣੀ ਸ਼ਰਧਾ ਭੇਟ ਕਰਨਗੇ।ਉਨ੍ਹਾਂ ਕਿਹਾ ਕਿ ਇਸੇ ਦਿਨ ਹੀ ਦੇਰ ਸ਼ਾਮ ਨੂੰ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਵੀ ਉਨ੍ਹਾਂ ਦੀ ਆਮਦ `ਤੇ ਆਯੋਜਨ ਕੀਤਾ ਜਾਵੇਗਾ।ਜਿਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਕਲਾਕਾਰਾਂ ਵੱਲੋਂ ਆਪਣੇ ਫਨ ਦਾ ਇਜ਼ਹਾਰ ਕੀਤਾ ਜਾਵੇਗਾ।15 ਮਾਰਚ ਨੂੰ ਉਦਘਾਟਨੀ ਸੈਸ਼ਨ ਦੌਰਾਨ ਜਿਥੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਇਨ੍ਹਾਂ ਮਹਿਮਾਨਾਂ ਦਾ ਸਵਾਗਤ ਕਰਨਗੇ ਉਥੇ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਭਾਸ਼ਣ ਦੇਣਗੇ।
ਤਕਨੀਕੀ ਸੈਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਚਾਰ ਵੱਖ ਵੱਖ ਪੈਨਲ ਡਿਸਕਸ਼ਨ ਸੈਸ਼ਨਾਂ ਵਿਚ ਕੰਮ ਦਾ ਭਵਿੱਖ: ਇੰਡਸਟਰੀ 4.0, ਇਨੋਵੇਸ਼ਨ ਅਤੇ 21ਵੀਂ ਸਦੀ ਦੇ ਹੁਨਰ ਵਿਸ਼ੇ `ਤੇ ਜੀ20 ਦੇਸ਼ਾਂ ਦੇ ਮਾਹਿਰ ਆਪਣੇ ਵਿਚਾਰ ਰੱਖਣਗੇ।ਪਹਿਲੇ ਸੈਸ਼ਨ ਵਿਚ ਖੇਤੀ ਟੈਕਨਾਲੋਜੀ ਅਤੇ ਭੋਜਨ ਸੁਰੱਖਿਆ, ਦੂਜੇ ਵਿੱਚ ਅੰਤਰਾਸ਼ਟਰੀ ਸਬੰਧਾਂ ਰਾਹੀਂ ਵਿਸ਼ਵੀ ਰੋਜ਼ਗਾਰ ਦੀਆਂ ਸੰਭਾਵਾਨਾਂ ਦੇ ਰੁਝਾਨਾਂ ਬਾਰੇ ਚਰਚਾ ਹੋਵੇਗਾ ਜਦੋਂਕਿ ਤੀਜੇ ਪੈਨਲ ਡਿਸਕਸ਼ਨ ਵਿਚ ਮੈਟੀਰੀਅਲ ਸਾਇੰਸ਼ ਵਿਚ ਨੈਨੋਟੈਕਨਾਲੋਜੀ ਵਿਸ਼ਾ ਵਿਚਾਰ ਅਧੀਨ ਰਹੇਗਾ।ਰੀਅਲ ਅਸਟੇਟ ਮਾਰਕੀਟ ਵਿਚ ਨਿਪੁੰਨ ਕਾਮਿਆਂ ਦੀ ਉਸਾਰੀ ਦਾ ਵਿਸ਼ਾ ਆਖਰੀ ਸੈਸ਼ਨ ਦਾ ਕੇਂਦਰ ਹੋਵੇਗਾ।16 ਮਾਰਚ ਨੂੰ ਆਏ ਮਹਿਮਾਨਾਂ ਨੂੰ ਵਿਦਾਇਗੀ ਦਿੱਤੀ ਜਾਵੇਗੀ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …