ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਦਾ ਜੋ ਐਲਾਨ ਬੀਤੇ ਦਿਨ ਕੀਤਾ ਸੀ, ਉਹ ਅੱਜ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨਾਲ ਹੋਈ ਵਿਸਥਾਰਤ ਗੱਲਬਾਤ ਤੋਂ ਬਾਅਦ ਵਾਪਸ ਲੈ ਲਿਆ ਹੈ।ਕਿਸਾਨ ਯੂਨੀਅਨ ਦੇ ਨੇਤਾ ਕਿਰਸਾਨੀ ਮੰਗਾਂ ਨੂੰ ਲੈ ਕੇ ਡੀ.ਸੀ ਸਾਹਿਬ ਦੇ ਦਫ਼ਤਰ ਆਏ।ਡਿਪਟੀ ਕਮਿਸ਼ਨਰ ਨੇ ਜੀ-20 ਸੰਮੇਲਨ ਅਤੇ ਬਜਟ ਸ਼ੈਸ਼ਨ ਦੇ ਚੱਲ ਰਹੇ ਰੁਝੇਵਿਆਂ ਦਾ ਹਵਾਲਾ ਦੇ ਕੇ ਕਿਹਾ ਕਿ ਉਕਤ ਸ਼ੈਸ਼ਨ ਤੋਂ ਬਾਅਦ ਗੱਲਬਾਤ ਮੁੱਖ ਮੰਤਰੀ ਪੰਜਾਬ ਨਾਲ ਕਰਵਾ ਦਿੱਤੀ ਜਾਵੇਗੀ, ਕਿਉਂਕਿ ਇਹ ਮਸਲੇ ਜਿਲ੍ਹਾ ਪੱਧਰ ਦੇ ਨਹੀਂ।ਉਕਤ ਗੱਲਬਾਤ ਅਤੇ ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਨੇਤਾਵਾਂ ਨੇ 17 ਮਾਰਚ ਤੱਕ ਦੇ ਆਪਣੇ ਧਰਨੇ ਦਾ ਜੋ ਐਲਾਨ ਕੀਤਾ ਸੀ, ਉਹ ਵਾਪਿਸ ਲੈ ਲਿਆ।