ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਵੱਲੋਂ ‘ਸਪੋਰਟਸ ਡੇ’ ਮਨਾਇਆ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਅਤੇ ਖ਼ਾਲਸਾ ਕਾਲਜ ਫ਼ਿਜ਼ੀਕਲ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਖੇਡ ਦਿਵਸ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ।
ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਪੌਦੇ ਭੇਟ ਕਰ ਕੇ ‘ਜੀ ਆਇਆ ਆਖਿਆ’ ਉਪਰੰਤ ਵਿਦਿਆਰਥਣਾਂ ਨੇ ਮਹਿਮਾਨਾਂ ਨੂੰ ਬੈਜ਼ ਲਗਾ ਕੇ ਮਾਰਚ ਪਾਸਟ ਕੀਤਾ ਅਤੇ ਸਹੁੰ ਚੁੱਕਾਈ।ਇਸ ਖੇਡ ਦਿਵਸ ’ਚ ਵਿਦਿਆਰਥਣਾਂ ਅਤੇ ਅਧਿਆਪਕਾਂ ਦੀਆਂ 100 ਮੀਟਰ ਰੇਸ, ਵਾਕ ਰੇਸ, ਲੈਮਨ ਐਂਡ ਸਪੂਨ ਰੇਸ, ਟਗ ਆਫ਼ ਵਾਰ, ਬੈਲੂਨ ਰੇਸ, ਸੈਕ ਰੇਸ, ਮਿਊਜ਼ੀਕਲ ਚੇਅਰ ਆਦਿ ਖੇਡਾਂ ਕਰਵਾਈਆਂ ਗਈਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।
ਛੀਨਾ ਨੇ ਵਿਦਿਆਰਥਣਾਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਡਾ. ਕੰਵਰ ਮਨਦੀਪ ਸਿੰਘ ਨੇ ਪ੍ਰੋਗਰਾਮ ਉਲੀਕਣ ਲਈ ਡਾ. ਸੁਰਿੰਦਰ ਕੌਰ ਦੀ ਸ਼ਲਾਘਾ ਕੀਤੀ।ਆਏ ਮਹਿਮਾਨਾਂ ਨੇ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ।ਡਾ. ਸੁਰਿੰਦਰ ਕੌਰ ਨੇ ਆਨਰੇਰੀ ਸਕੱਤਰ ਛੀਨਾ, ਡਾ. ਕੰਵਰ ਮਨਦੀਪ ਸਿੰਘ ਅਤੇ ਡਾ. ਕੰਵਲਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ, ਡਾ. ਕੰਵਰ ਮਨਦੀਪ ਸਿੰਘ ਤੇ ਪਿ੍ਰੰ: ਡਾ. ਕੰਵਲਜੀਤ ਸਿੰਘ ਨੇ ਖੇਡਾਂ ’ਚ ਮੱਲਾਂ ਮਾਰਨ ਮਾਰੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਅੰਤ ’ਤੇ ਕੋਆਰਡੀਨੇਟਰ ਡਾ. ਕਮਲਪ੍ਰੀਤ ਕੌਰ ਸੰਧੂ ਅਤੇ ਪ੍ਰੋ. ਪੂਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।