Sunday, December 22, 2024

ਤਖ਼ਤ ਸੱਚਖੰਡ ਸ੍ਰੀ ਹਜ਼ੂੂਰ ਸਾਹਿਬ ਵਿਖੇ ਸੁਨਹਿਰੀ ਮੀਨਾਕਾਰੀ ਦੀ ਸੇਵਾ ਆਰੰਭ- ਡਾ: ਪਸਰੀਚਾ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤਖ਼ਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਦੀ ਅੰਦਰਲੀ ਪਰਕਰਮਾ ਵਿੱਚਲੀ ਕਈ ਥਾਈਂ ਖਰਾਬ ਹੋ ਚੁੱਕੀ ਮੀਨਾਕਾਰੀ ਨੂੰ ਦੁਬਾਰਾ ਪੁਰਾਤਨ ਵਿਰਾਸਤੀ ਦਿੱਖ ਦੇਣ ਦੀ ਪੁਨਰ ਸੁਰਜੀਤੀ ਦਾ ਅਹਿਮ ਕਾਰਜ਼ ਭਾਈ ਮਹਿੰਦਰ ਸਿੰਘ ਜੀ ਯੂ.ਕੇ ਵਾਲਿਆਂ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ, ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਡਾ. ਪਰਵਿੰਦਰ ਸਿੰਘ ਪਸਰੀਚਾ ਪ੍ਰਸ਼ਾਸ਼ਕ ਵਲੋਂ ਸੌਂਪਿਆ ਗਿਆ ਹੈ।ਇਹ ਮਹਾਨ ਸੇਵਾ 17 ਮਾਰਚ 2023 ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਨਾਲ ਆਰੰਭ ਹੋਈ।ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ ਨੇ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਮੀਨਾਕਾਰੀ ਦੀ ਪੁਨਰ ਸੁਰਜੀਤੀ ਨਾਲ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਮਹਾਨ ਇਤਿਹਾਸਕ ਗੁਰਧਾਮ ਅਸਥਾਨ ਦੀ ਪੁਰਾਤਨ ਵਿਰਾਸਤੀ ਦਿੱਖ ਬਹਾਲ ਹੋਵੇਗੀ, ਉਥੇ ਤਖ਼ਤ ਸਾਹਿਬ ਦੀ ਆਨ, ਸ਼ਾਨ ਤੇ ਆਭਾ ਨੂੰ ਹੋਰ ਚਾਰ ਚੰਨ ਲੱਗਣਗੇ।ਉਨਾਂ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਇਮਾਰਤ, ਅੰਦਰਵਾਰ ਛੱਤ ਅਤੇ ਦੀਵਾਰਾਂ ਦੀ ਸੁਨਹਿਰੀ ਮੀਨਾਕਾਰੀ ਦੀ ਸੇਵਾ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਕਰਵਾਈ ਗਈ ਸੀ।ਲੇਕਿਨ ਸਮੇਂ ਦੇ ਗੇੜ ਨਾਲ ਕਈ ਜਗ੍ਹਾ ‘ਤੇ ਇਹ ਸੁਨਹਿਰੀ ਦਿੱਖ ਵਾਲੀ ਮੀਨਾਕਾਰੀ ਮਧਮ ਪੈ ਗਈ ਹੈ ਜਾਂ ਖਰਾਬ ਹੋ ਗਈ ਹੈ।
ਇਸ ਮੌਕੇ ਤਖ਼ਤ ਸੱਚਖੰਡ ਸਾਹਿਬ ਪੰਜ ਪਿਆਰੇ ਸਾਹਿਬਾਨ, ਸਿੰਘ ਸਾਹਿਬ ਭਾਈ ਰਾਮ ਸਿੰਘ ਧੂਪੀਆ, ਭਾਈ ਜੋਤਇੰਦਰ ਸਿੰਘ ਮੀਤ ਜਥੇਦਾਰ, ਭਾਈ ਕਸ਼ਮੀਰ ਸਿੰਘ ਹੈਡ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਭਾਈ ਗੁਰਦੀਪ ਸਿੰਘ, ਭਾਈ ਇੰਦਰਜੀਤ ਸਿੰਘ ਬਿੱਟੂ, ਇੰਗਲੈਂਡ ਤੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੀਆਂ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ, ਜਸਬੀਰ ਸਿੰਘ ਧਾਮ, ਸ਼ਰਨ ਸਿੰਘ ਸੋਢੀ ਸੁਪਰਡੈਂਟ, ਨਾਰਾਇਣ ਸਿੰਘ ਨੰਬਰਦਾਰ ਓ.ਐਸ.ਡੀ, ਠਾਨ ਸਿੰਘ ਬੁੰਗਈ ਡਿਪਟੀ ਸੁਪਰਡੈਂਟ, ਹਰਜੀਤ ਸਿੰਘ ਕੜ੍ਹੇਵਾਲੇ ਤੇ ਜੈਮਲ ਸਿੰਘ ਪੀ.ਏ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …