Saturday, July 27, 2024

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਜਲ ਪ੍ਰਬੰਧਨ ਤੇ ਸੰਭਾਲ ਸਬੰਧੀ ਸੈਮੀਨਾਰ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) -ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਵਿਖੇ ਜਲ ਪ੍ਰਬੰਧਨ ਅਤੇ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੇ ਸਹਿਯੋਗ ਸਦਕਾ ਉਲੀਕੇ ਗਏ ਇਸ ਸੈਮੀਨਾਰ ’ਚ ਵੱਖ-ਵੱਖ ਸਰਕਾਰੀ ਕਾਲਜਾਂ ’ਚ ਸਾਬਕਾ ਪ੍ਰਿੰਸੀਪਲ ਰਹੇ ਮੁਕੇਸ਼ ਅਗਰਵਾਲ, ਮੈਡੀਕਲ ਕੰਪਨੀ ਦੇ ਸੇਵਾਮੁਕਤ ਸੇਲਜ਼ ਅਤੇ ਮਾਰਕੀਟਿੰਗ ਖੇਤਰੀ ਪ੍ਰਬੰਧਕ ਪੀ.ਐਨ ਸ਼ਰਮਾ ਅਤੇ ਖੱਪਤਕਾਰ ਭਲਾਈ ਫੋਰਮ ਮੁਖ ਕੋਆਰਡੀਨੇਟਰ ਸੁਨੀਲ ਚੋਪੜਾ ਨੇ ਮੁੱਖ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ, ਪਾਣੀ ਦੀ ਦੁਰਵਰਤੋਂ ਨਾ ਕਰਨ, ਪਲਾਸਟਿਕ ਦੀ ਵਰਤੋਂ ਤੋਂ ਬਚਣ, ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਹਰਿਆਵਲ ਯੋਧਾ ਬਣਨ ਬਾਰੇ ਜਾਗਰੂਕ ਕੀਤਾ।ਉਨ੍ਹਾਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਰੁੱਖ ਕੁਦਰਤ ਵਲੋਂ ਦਿੱਤੀ ਗਈ ਇਕ ਅਨਮੋਲ ਦਾਤ ਹੈ, ਜਿਸ ਸਦਕੇ ਅਸੀ ਸਾਰੇ ਸਿਹਤਮੰਦ ਜੀਵਨ ਜੀਅ ਸਕਦੇ ਹਾਂ ਅਤੇ ਜੇਕਰ ਦਿਨੋਂ ਦਿਨ ਦਰੱਖਤਾਂ ਦੀ ਗਿਣਤੀ ਘਟਦੀ ਗਈ ਤਾਂ ਆਉਣ ਵਾਲੇ ਸਮੇਂ ’ਚ ਮਨੁੱਖਤਾ ਲਈ ਭਿਆਨਕ ਸਿੱਟੇ ਸਾਹਮਣੇ ਆ ਸਕਦੇ ਹਨ।ਇਸ ਲਈ ਜੀਵਜੰਤੂਆਂ ਅਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸਮਾਜ ਲਈ ਰੁੱਖ ਅਤਿ ਜ਼ਰੂਰੀ ਹਨ।
ਉਨ੍ਹਾਂ ਪਾਣੀ ਦੀ ਦੁਰਵਰਤੋਂ ਨਾ ਕਰਦਿਆਂ ਇਸ ਨੂੰ ਬਚਾਉਣ ’ਤੇ ਜ਼ੋਰ ਦਿੰਦਿਆ ਕਿਹਾ ਕਿ ਮਨੁੱਖ ਨੂੰ ਲੋੜ ਮੁਤਾਬਕ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ, ਬਿਨ੍ਹਾਂ ਵਜ੍ਹਾ ਨੂੰ ਨਹੀਂ ਚਲਾਉਣਾ ਚਾਹੀਦਾ ਹੈ।ਕਿਉਂਕਿ ਦਿਨੋਂ ਦਿਨ ਘਟ ਰਿਹਾ ਪਾਣੀ ਦਾ ਪੱਧਰ ਬਹੁਤ ਹੀ ਚਿੰਤਾਜਨਕ ਹੈ ਅਤੇ ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਕਈ ਖ਼ਤਰਨਾਕ ਸਥਿਤੀਆਂ ’ਚੋਂ ਗੁਜ਼ਰਣਾ ਪਵੇਗਾ।
ਇਸ ਦੌਰਾਨ ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਆਏ ਮਹਿਮਾਨਾਂ ਵਲੋਂ ਵਿਦਿਆਰਥਣਾਂ ਨੂੰ ਵਾਤਾਵਰਣ ਅਤੇ ਪਾਣੀ ਸਬੰਧੀ ਪ੍ਰਦਾਨ ਕੀਤੀ ਗਈ ਜਾਣਕਾਰੀ ਲਾਹੇਵੰਦ ਸਾਬਿਤ ਹੋਵੇਗੀ।ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਵਾਤਾਵਰਣ ਸਿੱਖਿਆ ਨੂੰ ਗ੍ਰਹਿ ਕਰਕੇ ਸਮਾਜ ਲਈ ਆਪਣੀ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਸ ਸਬੰਧੀ ਹੋਰਨਾਂ ਨੂੰ ਵੀ ਜਾਗਰੂਕ ਕਰਨਗੇ।ਉਨ੍ਹਾਂ ਵਿਦਿਆਰਥਣਾਂ ਨੂੰ ਆਪਣਾ ਮੁੱਢਲਾ ਫਰਜ ਨਿਭਾਉਂਦਿਆਂ ਘੱਟੋ-ਘੱਟ ਇਕ ਪੌਦਾ ਲਗਾਉਣ ਅਤੇ ਪਾਣੀ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਵਾਤਾਵਰਣ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਚਾਨਣਾ ਪਾਉਣ ਲਈ ਅਜਿਹੇ ਸੈਮੀਨਾਰ ਹਰੇਕ ਅਦਾਰੇ ’ਚ ਲਾਜ਼ਮੀ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਗਿਆਨਵਾਨ ਬੁਲਾਰਿਆਂ ਦੇ ਭਾਸ਼ਣ ਜਾਣਕਾਰੀ ਭਰਪੂਰ ਅਤੇ ਸਿੱਖਿਆਦਾਇਕ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …