ਗੁਰਦੁਆਰਾ ਜੰਡਾਲੀਸਰ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪਣ ਲਈ ਕਾਰਵਾਈ ਸ਼ੁਰੂ
ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉੇੱਪਰ ਸੰਕਟ ਦੇ ਬੱਦਲ ਮੰਡਰਾਉਣ ਦੇ ਨਾਲ ਹੀ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਗੁਰਦੁਆਰਾ ਜੰਡਾਲੀਸਰ ਦੀਆਂ ਚਾਬੀਆਂ ਜਲਦ ਮਿਲਣ ਦੀ ਸੰਭਾਵਨਾ ਉਜਾਗਰ ਹੋ ਗਈ ਹੈ। ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਮੋਹਕਮ ਸਿੰਘ, ਗੁਰਨਾਮ ਸਿੰਘ ਚੰਡੀਗੜ੍ਹ, ਬਾਬਾ ਜਸਵਿੰਦਰ ਸਿੰਘ ਤਿਉਣਾ, ਵੱਸਣ ਸਿੰਘ ਜੱਫਰਵਾਲ, ਬਾਬਾ ਅਵਤਾਰ ਸਿੰਘ ਸਾਧਾਵਾਲਾ,ਸਤਨਾਮ ਸਿੰਘ ਮਨਾਵਾਂ, ਬਾਬਾ ਚਮਕੌਰ ਸਿੰਘ ਭਾਈਰੂਪਾ, ਬੂਟਾ ਸਿੰਘ ਰਣਸੀਂਹ ਕਲਾਂ, ਬਹਾਦਰ ਸਿੰਘ ਰਾਹੋਂ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਪ੍ਰਸ਼ੋਤਮ ਸਿੰਘ ਫੱਗੂਵਾਲਾ, ਮੇਜਰ ਸਿੰਘ ਮਲੂਕਾ, ਸੁਖਪਾਲ ਸਿੰਘ ਦਾਨੇਵਾਲਾ, ਪਰਮਜੀਤ ਸਿੰਘ ਕੋਟਸ਼ਮੀਰ ਆਦਿ ਨੇ ਦੱਸਿਆ ਕਿ ਅੱਜ ਗੁਰਦੁਆਰਾ ਕਿਲ੍ਹਾ ਮੁਬਾਰਕ ਤੋਂ ਪਿੰਡ ਬਾਦਲ ਤੱ ਰੋਸ ਮਾਰਚ ਉਲੀਕਿਆ ਗਿਆ ਸੀ ਜਿਸ ਵਿੱਚ ਇਨਸਾਫ ਦਾ ਜਨਾਜਾ ਲੈ ਕੇ ਪਿੰਡ ਬਾਦਲ ਦਫਨਾਇਆ ਜਾਣਾ ਸੀ ਪਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਰਾਹੀਂ ਉਨ੍ਹਾਂ ਨੂੰ ਗੱਲਬਾਤ ਲਈ ਸੱਦਿਆ। ਸੱਦਾ ਮਿਲਣ ਤੋਂ ਬਾਅਦ ਰੋਸ ਮਾਰਚ ਮੁਲਤਵੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਕੋਟਸ਼ਮੀਰ ਦਾ ਗੁਰਦੁਆਰਾ ਜੰਡਾਲੀਸਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪਣ, ਉਨ੍ਹਾਂ ਉੱਪਰ ਬਣਾਏ ਝੂਠੇ ਕੇਸ ਰੱਦ ਕਰਨ, ਥਾਣਾ ਰਾਮਪੁਰਾ ਵਿਖੇ ਮਈ ੨੦੧੪ ਵਿੱਚ ਰਾਕੇਸ਼ ਕੁਮਾਰ ਅਤੇ ਰਮੇਸ਼ ਕੁਮਾਰ ਦੇ ਗੰਭੀਰ ਸੱਟਾਂ ਮਾਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਵਾਉਣ, ਥਾਣਾ ਖੇਮਕਰਨ ਵਿਖੇ ੬ ਨਵੰਬਰ ਨੂੰ ੮ ਵਿਅਕਤੀਆਂ ਵਿਰੁੱਧ ਝੂਠਾ ਦਰਜ 78 ਨੰਬਰ ਪਰਚਾ ਰੱਦ ਕਰਵਾਉਣ ਅਤੇ ੧੦੪ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਵਾਉਣ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਸਬੰਧੀ ਕੀਤੀਆਂ ਜਾ ਰਹੀਅਸ਼ਾਂ ਮੰਗਾਂ ਮਨਵਾਉਣ ਲਈ ਗੱਲਬਾਤ ਹੋਈ ਜਿਸ ਉੱਪਰ ਸੁਖਬੀਰ ਸਿੰਘ ਬਾਦਲ ਨੇ ਹਾਂ ਪੱਖੀ ਹੁੰਗਾਰਾ ਭਰਿਆ। ਉਨ੍ਹਾਂ ਨੂੰ ਦੱਸਿਆ ਕਿ ਕਿ ਕਿਸ ਤਰ੍ਹਾਂ ਡੇਰਾ ਸਿਰਸਾ ਦੇ ਪ੍ਰੇਮੀ ਸਿੱਖਾਂ ਵਿਰੁੱਧ ਧਾਰਾ 295ਏ ਦੀ ਦੁਰਵਰਤੋਂ ਕਰ ਰਹੇ ਹਨ ਤੇ ਸਿੱਖ ਨੌਜਵਾਨਾਂ ਖਿਲਾਫ਼ ਝੂਠੇ ਪਰਚੇ ਦਰਜ਼ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਗੁਰਦੁਆਰਾ ਜੰਡਾਲੀਸਰ ਦਾ ਕਬਜ਼ਾ ਮੁੜ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪਣ ਅਤੇ ਉਨ੍ਹਾਂ ਖਿਲਾਫ਼ ਦਰਜ਼ ਪਰਚਿਆਂ ਦੀ ਜਾਂਚ ਕਰਨ ਲਈ ਉੱਚ ਪੁਲਿਸ ਅਫਸਰਾਂ ਨੂੰ ਮੌਕੇ ਤੇ ਹੀ ਕਾਰਵਾਈ ਕਰਨ ਲਈ ਹੁਕਮ ਕੀਤੇ। ਡੇਰਾ ਸਿਰਸਾ ਦੇ ਚੇਲਿਆਂ ਵੱਲੋਂ ਧਾਰਾ 295ਏ ਦੀ ਦੁਰਵਰਤੋਂ ਸਬੰਧੀ ਉਨ੍ਹਾਂ ਆਈ ਜੀ ਜਤਿੰਦਰ ਜੈਨ ਦੀ ਡਿਊਟੀ ਲਗਾਈ ਤੇ ਦਰਜ ਪਰਚਿਆਂ ਦੀ ਪੁਣ-ਛਾਣ ਕਰਨ ਲਈ ਕਿਹਾ। ਸੁਖਬੀਰ ਸਿੰਘ ਬਾਦਲ ਨੇ ਰਾਮਪੁਰਾ ਦੇ ਰਾਕੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ। ਇਸੇ ਤਰ੍ਹਾਂ ਥਾਣਾ ਖੇਮਕਰਨ ਵਿਖੇ ਦਰਜ ਮਾਮਲੇ ਦੀ ਜਾਂਚ ਦਾ ਵੀ ਭਰੋਸਾ ਦਿੱਤਾ। ਵਫਦ ਨੇ ਸੁਖਬੀਰ ਸਿੰਘ ਬਾਦਲ ਨਾਲ ਹੋਈ ਗੱਲਬਾਤ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਗਲੇ ਦਿਨਾਂ ਵਿੱਚ ਇਹ ਸਾਰੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਫਿਰ ਸੰਘਰਸ਼ ਕਰਨ ਲਈ ਸੋਚਿਆ ਜਾਵੇਗਾ।