Monday, December 23, 2024

ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ‘ਤੇ ਕਰਨਾਲ ‘ਚ ਗੁਰਮਤਿ ਸਮਾਗਮ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਦਲ ਪੰਥ ਸਮੇਤ ਸਮੂਲੀਅਤ

ਕਰਨਾਲ/ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਪੰਥ ਅਤੇ ਰਾਮਗੜ੍ਹੀਆ ਮਿਸਲ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅਤੇ ਹਰਿਆਣਾ ਦੀਆਂ ਰਾਮਗੜ੍ਹੀਆ ਸਭਾਵਾਂ, ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੀਂ ਅਨਾਜ ਮੰਡੀ ਜੀ.ਟੀ ਰੋਡ ਕਰਨਾਲ ਵਿਖੇ ਮਹਾਨ ਸ਼ਤਾਬਦੀ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿੱਚ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਧਾਰਮਿਕ, ਸੰਪਰਦਾਵਾਂ ਨੇ ਸਮੂਲੀਅਤ ਕੀਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਈ ਗੁਰਤੇਜ ਸਿੰਘ, ਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਸੰਧੂ ਦੇ ਯਤਨਾਂ ਤੇ ਸਹਿਯੋਗ ਨਾਲ ਇਹ ਸਮਾਗਮ ਸਫਲਤਾ ਪੂਰਵਕ ਕਰਵਾਏ ਗਏ। ਉਨ੍ਹਾਂ ਕਿਹਾ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਮਹਾਨ ਜਰਨੈਲਾਂ ਦੀਆਂ ਸ਼ਤਾਬਦੀਆਂ ਮਨਾਉਣਾ ਇਤਿਹਾਸ ਨੂੰ ਉਜਾਗਰ ਕਰਨਾ ਹੈ।ਉਨਾਂ੍ਹ ਕਿਹਾ ਕਿ ਔਖੇ ਵੇਲੇ ਕੌਮ ਦੇ ਮਹਾਨ ਸਿੱਖ ਜਰਨੈਲਾਂ ਨੇ ਕੌਮ ਨੂੰ ਦੁਬਿਧਾ ‘ਚੋਂ ਕੱਢਣ ਲਈ ਵੱਡੀਆਂ ਬਹੁਮੁਲੀਆਂ ਕੁਰਬਾਨੀਆਂ ਕੀਤੀਆਂ ਹਨ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਾਲੀਆਂ ਦੀ ਅਗਵਾਈ ਵਿੱਚ ਸਭ ਮਿਸਲਾਂ ਦੇ ਜਥੇਦਾਰ ਚੱਲਦੇ ਸਨ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਹੁੰਦੀ ਸੀ।ਇੱਕਜੁੱਟਤਾ ਕਾਰਨ ਹੀ ਦਿੱਲੀ ਦੇ ਲਾਲ ਕਿਲ੍ਹੇ ਦਾ ਸ਼ਾਹੀ ਤਖ਼ਤ ਤੇ ਹੋਰ ਸਾਜ਼ੋ ਸਮਾਨ ਖਾਲਸਾ ਪੰਥ ਪੁੱਟ ਕੇ ਅੰਮ੍ਰਿਤਸਰ ਲੈ ਆਇਆ ਸੀ।ਉਹ ਤਖ਼ਤ-ਏ-ਤ ਉਸ ਜਿਸ ਤੇ ਬੈਠ ਕੇ ਮੁਗਲ ਜ਼ੁਲਮ ਕਰਦੇ ਸਨ, ਉਸ ਨੂੰ ਘੋੜਿਆ ਮਗਰ ਬੰਨ ਕੇ ਲਿਆਂਦਾ ਗਿਆ. ਜੋ ਅੱਜ ਰਾਮਗੜੀਆ ਬੁੰਗਾ ਅੰਮ੍ਰਿਤਸਰ ਵਿਖੇ ਸਥਾਪਿਤ ਹੈ।ਉਨਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਗਤਕਾ ਫੈਡਰੇਸ਼ਨ ਆਲ ਇੰਡੀਆ ਨੂੰ ਡੇੜ ਲੱਖ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ।
ਪਦਮ ਸ੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਇੱਕਵੀਂ ਸਦੀ ਦੇ ਆਉਣ ਵਾਲੇ ਦਹਾਕੇ ਸ਼ਤਾਬਦੀਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਗੁਰੂ ਕਾ ਬਾਗ਼, ਪੰਜਾ ਸਾਹਿਬ, ਨਨਕਾਣਾ ਸਾਹਿਬ, ਅਕਾਲੀ ਬਾਬਾ ਫੂਲਾ ਸਿੰਘ ਦੀਆਂ ਸ਼ਤਾਬਦੀਆਂ ਮਨਾ ਚੁੱਕੇ ਹਾਂ।ਇਨ੍ਹਾਂ ਸ਼ਤਾਬਦੀਆਂ ਦਾ ਇਤਿਹਾਸਕ ਪੱਧਰ ਤੇ ਚੰਗਾ ਸੰਦੇਸ਼ ਦੇਸ਼-ਵਿਦੇਸ਼ ਵਿੱਚ ਜਾਏਗਾ।ਵੱਖ-ਵੱਖ ਖੇਤਰਾਂ ਵਿੱਚ ਸਨਮਾਨਜਨਕ ਨਾਮਣਾਂ ਖੱਟਣ ਵਾਲੀਆਂ ਵੱਖ-ਵੱਖ ਸਿੱਖ ਸਖਸ਼ੀਅਤਾਂ ਨੂੰ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਜਿਨ੍ਹਾਂ ਵਿੱਚ ਡਾ. ਰਤਨ ਸਿੰਘ ਜੱਗੀ, ਡਾ. ਗੁਰਨਾਮ ਸਿੰਘ, ਡਾ. ਜਸਪਾਲ ਸਿੰਘ ਦਿੱਲੀ, ਪਦਮ ਸ੍ਰੀ ਤਰਲੋਚਨ ਸਿੰਘ, ਡਾ. ਪਰਮਜੀਤ ਸਿੰਘ, ਰਸ਼ਿਦਰ ਸਿੰਘ ਚਾਵਲਾ ਆਈ.ਪੀ.ਐਸ, ਹਰਪ੍ਰੀਤ ਸਿੰਘ ਦਰਦੀ, ਅਮਰਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਦਰਦੀ ਪੱਤਰਕਾਰ, ਸੁਰਿੰਦਰ ਪਾਲ ਸਿੰਘ ਡੁਬਈ, ਜਗਦੀਸ਼ ਸਿੰਘ ਬਰਾੜ ਚਿੱਤਰਕਾਰ ਆਦਿ ਦੇ ਨਾਮ ਸ਼ਾਮਲ ਹਨ।ਇਨ੍ਹਾਂ ਸਖਸ਼ੀਅਤਾਂ ਨੂੰ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਜਥੇਦਾਰ ਗੁਰਤੇਜ ਸਿੰਘ ਨੇ ਯਾਦਗਾਰੀ ਐਵਾਰਡ, ਸਿਰਪਾਓ, ਦੁਸ਼ਾਲਾ ਆਦਿ ਨਾਲ ਸਨਮਾਨਿਤ ਕੀਤਾ।ਬੁੱਢਾ ਦਲ ਪਾਸ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਸਿੱਖ ਜਰਨੈਲਾਂ ਦੇ ਜੋ ਇਤਿਹਾਸਕ ਸ਼ਸਤਰ ਹਨ, ਉਨ੍ਹਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਗਏ।
ਬੀਤੀ ਰਾਤ ਡਾ. ਮੰਗਲ ਸੈਣ ਐਡੇਟੋਰਿਅਮ ਅੰਬੇਦਕਰ ਚੌਂਕ ਕਰਨਾਲ ਵਿਖੇ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆ ਦੀਆਂ ਖੇਡ ਟੀਮਾਂ ਨੇ ਭਾਗ ਲਿਆ।ਜੇਤੂ ਟੀਮਾਂ ਨੂੰ ਇਨਾਮ, ਸਨਮਾਨ ਚਿੰਨ੍ਹ, ਸਰਟੀਫਿਕੇਟ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਜੋਗਾ ਸਿੰਘ, ਬਾਬਾ ਮੇਹਰ ਸਿੰਘ, ਜਗਦੇਵ ਸਿੰਘ ਤਪਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਗੁਰਮੁੱਖ ਸਿੰਘ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …