ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਗਾਏ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਤੋਂ ਉਤਸ਼ਾਹਿਤ ਹੋ ਕੇ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਇੱਕ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਸੁਰਿੰਦਰ ਪਾਲ ਸਿੰਘ ਸਿਦਕੀ, ਰਾਜਵਿੰਦਰ ਸਿੰਘ ਲੱਕੀ, ਸੁਖਪਾਲ ਸਿੰਘ, ਗੁਰਲੀਨ ਕੌਰ, ਗੁਲਜ਼ਾਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਕੈਂਪ ਦੀ ਆਰੰਭਤਾ ਬੱਚਿਆਂ ਵਲੋਂ ਮੂਲਮੰਤਰ ਅਤੇ ਗੁਰਮੰਤਰ ਨਾਲ ਕੀਤੀ ਗਈ।
ਇਸ ਸਮੇਂ ਮਿੰਨੀ, ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਆਧਾਰ ‘ਤੇ ਪੈਂਤੀ ਅੱਖਰੀ ਲਿਖਣ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਲਿਖਣ ਸ਼ੀਟਾਂ ਪ੍ਰਬੰਧਕਾਂ ਵਲੋਂ ਮੁਹੱਈਆ ਕੀਤੀਆਂ ਗਈਆਂ।ਨੰਨੇ ਮੁੰਨੇ ਬੱਚਿਆਂ ਸਮੇਤ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਨੇ ਸੁੰਦਰ ਲਿਖਾਈ ਵਿੱਚ ਪੈਂਤੀ ਅੱਖਰੀ ਨੂੰ ਸਜਾਇਆ।ਜਿਸ ਲਈ ਗੁਰਵਿੰਦਰ ਕੌਰ, ਬੀਰ ਇੰਦਰਪਾਲ ਕੌਰ, ਰਵਨੀਤ ਕੌਰ ਨੇ ਨਿਗਰਾਨ ਅਮਲੇ ਦੀ ਸੇਵਾ ਨਿਭਾਈ।ਤਾਲਮੇਲ ਕਮੇਟੀ ਦੇ ਮੁਖੀ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਿਮਰਨ ਸਿੰਘ, ਮਨਿੰਦਰ ਸਿੰਘ ਸੋਬਤੀ ਸਕੱਤਰ, ਗੁਰਪ੍ਰੀਤ ਸਿੰਘ ਰੋਬਿਨ, ਦਮਨਜੀਤ ਸਿੰਘ ਸਰਨਾ, ਗੁਰਮੇਲ ਸਿੰਘ ਵਿੱਤ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਸੁੰਦਰ ਸਿੰਘ ਹੈਡ ਗ੍ਰੰਥੀ, ਇੰਦਰਪਾਲ ਕੌਰ, ਪ੍ਰਮੋਦ ਕੁਮਾਰੀ ਤੇ ਬਲਵਿੰਦਰ ਕੌਰ ਸਮੇਤ ਸੰਗਤਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀਬੀ ਵੰਦਨਾ ਨੇ ਮਨ ਦੀ ਇਕਾਗਰਤਾ, ਭਗਤੀ ਕਰਨ ਬਾਰੇ ਸੁੰਦਰ ਢੰਗ ਨਾਲ ਦੱਸਿਆ।
ਸਮਾਗਮ ਦੇ ਦੂਸਰੇ ਦੌਰ ਵਿੱਚ ਰਾਜਵਿੰਦਰ ਸਿੰਘ ਲੱਕੀ ਦੁਆਰਾ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਜੀਵਨ, ਗੁਰ ਅਸਥਾਨਾਂ ਅਤੇ ਸਿੱਖਿਆਵਾਂ ‘ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਸਿੱਖ ਇਤਿਹਾਸ ਸਬੰਧੀ ਬਹੁਤ ਜਾਣਕਾਰੀ ਭਰਪੂਰ ਰਹੇ।ਮੁਕਾਬਲੇ ਵਿੱਚ ਸਾਰੇ ਛੋਟੇ-ਵੱਡੇ ਵਿਦਿਆਰਥੀਆਂ ਸਮੇਤ ਸੰਗਤਾਂ ਨੇ ਵੀ ਭਾਗ ਲਿਆ।ਰਵਨੀਤ ਕੌਰ ਦੇ ਸਹਿਯੋਗ ਨਾਲ ਹੋਏ ਇਹਨਾਂ ਮੁਕਾਬਲਿਆਂ ਵਿੱਚ ਸਵਾਲ ਦਾ ਜਵਾਬ ਦੇਣ ਵਾਲੇ ਨੂੰ ਮੌਕੇ ‘ਤੇ ਹੀ ਇਨਾਮ ਦਿੱਤੇ ਗਏ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿੱਚ ਪੜਾਉਣ ਦਾ ਰੁਝਾਨ ਹੈ।ਜਿਥੇ ਪੰਜਾਬੀ ਭਾਸ਼ਾ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ।ਜਿਸ ਦੇ ਨਤੀਜੇ ਵਜੋਂ ਸਾਡੇ ਘਰਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ, ਜੋ ਸਾਡੇ ਲਈ ਚਿੰਤਨ ਦਾ ਵਿਸ਼ਾ ਹੈ।ਇਸੇ ਨੂੰ ਮੁੱਖ ਰੱਖਕੇ ਇਹ ਉਪਰਾਲਾ ਕੀਤਾ ਗਿਆ।ਜਸਵਿੰਦਰ ਸਿੰਘ ਪ੍ਰਿੰਸ ਨੇ ਵਿਦਿਆਰਥੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਰਸੇ ਦੇ ਵਾਰਿਸ ਬਣਨ ਦੀ ਪ੍ਰੇਰਨਾ ਕੀਤੀ ਅਤੇ ਅਜਿਹੇ ਕੈਂਪਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਪੈਂਤੀ ਅੱਖਰੀ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਮਿੰਨੀ ਗਰੁੱਪ ਵਿਚੋਂ ਮਨਰੀਤ ਕੌਰ ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ ਨੇ ਪਹਿਲਾ, ਅੰਤਰਪ੍ਰੀਤ ਸਿੰਘ ਬਚਪਨ ਇੰਗਲਿਸ਼ ਸਕੂਲ ਸੰਗਰੂਰ ਨੇ ਦੂਸਰਾ, ਜਦਕਿ ਖੁਸ਼ਪ੍ਰੀਤ ਸਿੰਘ ਲਿਟਲ ਫਲਾਵਰ ਕਾਨਵੈਂਟ ਸਕੂਲ ਅਤੇ ਜਪਪ੍ਰੀਤ ਕੌਰ ਹੋਲੀ ਹਾਰਟ ਕਾਨਵੈਂਟ ਸਕੂਲ ਨੇ ਸਾਂਝੇ ਤੌਰ ‘ਤੇ ਤੀਸਰਾ ਸਥਾਨ ਅਤੇ ਗਰਿਮਾ ਦਯਾਨੰਦ ਪਬਲਿਕ ਸਕੂਲ ਸੰਗਰੂਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।ਜੂਨੀਅਰ ਗਰੁੱਪ ਵਿਚੋਂ ਅਰਸ਼ਲੀਨ ਕੌਰ ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ, ਰਿਕਸ਼ਤ ਢੀਂਗਰਾ ਦਯਾਨੰਦ ਪਬਲਿਕ ਸਕੂਲ ਅਤੇ ਖੁਸ਼ੀ ਸੰਗਰੂਰ ਪਬਲਿਕ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਅਤੇ ਰਗ਼ਸ਼ਨਪ੍ਰੀਤ ਸਿੰਘ ਆਦਰਸ਼ ਮਾਡਲ ਸਕੂਲ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।ਸੀਨੀਅਰ ਗਰੁੱਪ ਵਿੱਚੋਂ ਮਹਿਕਪ੍ਰੀਤ ਕੌਰ ਲਾਅ ਫਾਊਂਡੇਸ਼ਨ ਸਕੂਲ ਨੇ ਪਹਿਲਾ ਸਥਾਨ, ਲਿਟਲਪ੍ਰੀਤ ਕੌਰ ਤੇ ਸਿਮਰਤੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਦੂਸਰਾ ਸਥਾਨ ਅਤੇ ਚਾਰੂ, ਲਾਅ ਫਾਊਂਡੇਸ਼ਨ ਸਕੂਲ ਤੇ ਸੁਖਮਨੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਤੀਸਰਾ ਸਥਾਨ ਜਦੋਂ ਕਿ ਇਸ਼ਾਨਮੀਤ ਸਿੰਘ ਲਾਅ ਫਾਊਂਡੇਸ਼ਨ ਸਕੂਲ ਸੰਗਰੂਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।
ਜੇਤੂਆਂ ਨੂੰ ਇਨਾਮ ਦੇਣ ਦੀ ਰਸਮ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਖਪਾਲ ਸਿੰਘ, ਗੁਲਜ਼ਾਰ ਸਿੰਘ, ਗੁਰਸਿਮਰਨ ਸਿੰਘ, ਗੁਰਲੀਨ ਕੌਰ ਤੇ ਹੋਰਾਂ ਨੇ ਅਦਾ ਕੀਤੀ।ਸੁਖਪਾਲ ਸਿੰਘ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਕਿਹਾ ਕਿ ਅਜਿਹੇ ਕੈਂਪਾਂ ਦੀ ਲੜੀ ਅਗੇ ਤੋਂ ਵੀ ਜਾਰੀ ਰਹੇਗੀ।ਸੰਗਤਾਂ ਵਲੋਂ ਇਸ ਉਪਰਾਲੇ ਨੂੰ ਬਹੁਤ ਸਲਾਹਿਆ ਗਿਆ।ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰਿਫਰੈਸ਼ਮੈਂਟ ਦੀ ਸੇਵਾ ਨਿਭਾਈ ਗਈ।