ਦੀਪ ਦੀ ਕਹਾਣੀ ਰਿਸ਼ਤਿਆਂ ਦੀ ਉਦੇੜ ਬੁਣ ਨੂੰ ਬਿਆਨਦੀ ਹੈ-ਵਿਦਵਾਨ
ਅੰਮ੍ਰਿਤਸਰ 28 ਜੂਨ (ਜਗਦੀਪ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਅਰੰਭੀ “ਪੁਸਤਕ ਪਾਠਕਾਂ ਦੀ ਨਜ਼ਰ” ਵਿਸ਼ੇ ਤਹਿਤ ਕਥਾਕਾਰ ਦੀਪ ਦੇਵਿੰਦਰ ਸਿੰਘ ਦੇ ਕਹਾਣੀ ਸੰਗ੍ਰਹਿ ਤਿਰਕਾਲ-ਸੰਧਿਆ ‘ਤੇ ਵਿਚਾਰ ਚਰਚਾ ਕਰਵਾਈ ਗਈ।ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਏ, ਇਸ ਅਦਬੀ ਸਮਾਗਮ ਦਾ ਆਗਾਜ਼ ਸਮਾਗਮ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ।ਮਰਹੂਮ ਸ਼ਾਇਰ ਦੇਵ ਦਰਦ ਨੂੰ ਇਸ ਸਮੇਂ ਮੋਨ ਧਾਰਨ ਕਰਕੇ ਸਾਹਿਤਕਾਰਾਂ ਵਲੋਂ ਯਾਦ ਕੀਤਾ ਗਿਆ।
ਚਰਚਾ ਅਧੀਨ ਪੁਸਤਕ ਉਪਰ ਸਤਿੰਦਰ ਸਿੰਘ ਓਠੀ ਅਤੇ ਬਲਜਿੰਦਰ ਮਾਂਗਟ ਨੇ ਆਪੋ ਆਪਣੇ ਪਰਚੇ ਪੜ੍ਹਦਿਆਂ ਸਾਂਝੀ ਰਾਏ ਉਸਾਰੀ ਕਿ ਬੇਸ਼ੱਕ ਤਿਰਕਾਲ-ਸੰਧਿਆ ਦੀਆਂ ਸਮੁੱਚੀਆਂ ਕਹਾਣੀਆਂ ਆਰਥਿਕ ਮੰਦਹਾਲੀ ਅਤੇ ਪਰਿਵਾਰਕ ਰਿਸ਼ਤਿਆਂ ਦੇ ਟੁੱਟ ਭੱਜ ਦੀਆਂ ਕਹਾਣੀਆਂ ਹਨ, ਫਿਰ ਵੀ ਆਸ਼ਾਵਾਦੀ ਹਨ।
ਚਰਚਾ ਵਿੱਚ ਹਿੱਸਾ ਲੈਂਦਿਆਂ ਸਰਬਜੀਤ ਸਿੰਘ ਸੰਧੂ ਸਿੰਘ ਨੇ ਕਿਹਾ ਕਿ ਦੀਪ ਦੀਆਂ ਕਹਾਣੀਆਂ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਾਲੇ ਉਸਾਰਿਆ ਪੁੱਲ ਹੈ, ਜਿਸ ਰਾਹੀਂ ਉਹ ਸੰਤਾਲੀ ਦੀ ਵੱਢ ਟੁੱਕ, ਜਾਤੀ ਪਾੜਾ ਅਤੇ ਧਾਰਮਿਕ ਅਡੰਬਰਾਂ ‘ਤੇ ਗਹਿਰੀ ਚੋਟ ਕਰਦਾ ਹੈ।ਸ਼ਾਇਰ ਮਲਵਿੰਦਰ ਨੇ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀਆਂ ਕਹਾਣੀਆਂ ਦੇ ਦ੍ਰਿਸ਼ ਚਿੱਤਰਣ ਕਰਕੇ ਪਾਤਰ ਸਾਹ ਤੱਕ ਲੈਂਦੇ ਵੀ ਸਣਾਈ ਦਿੰਦੇ ਹਨ।
ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਦੀਪ ਦੇਵਿੰਦਰ ਕਥਾ ਜੁਗਤਾਂ ਰਾਹੀਂ ਮਾਨਵੀ ਗੁੰਝਲਾਂ ਨੂੰ ਵੱਖਰੇ ਪ੍ਰਤੀਕਾਂ ਨਾਲ ਉਘਾੜਦਾ ਅਤੇ ਸ਼ਿੰਗਾਰਦਾ ਹੈ।ਜਸਵੰਤ ਧਾਪ ਅਤੇ ਤਰਸੇਮ ਲਾਲ ਬਾਵਾ ਨੇ ਕਿਹਾ ਕਿ ਕਿਹਾ ਕਿ ਕਥਾਕਾਰ ਕੋਲ ਭਾਸ਼ਾ ਦਾ ਸੋਹਜ਼ ਹੈ, ਜਿਸ ਰਾਹੀਂ ਉਹ ਔਖੀਆਂ ਸਥਿਤੀਆਂ ਨੂੰ ਵੀ ਸਹਿਜ਼ ਪੇਸ਼ ਕਰਨ ਦੀ ਜੁਗਤ ਰਖਦਾ ਹੈ।ਪ੍ਰਿੰ. ਅੰਕਿਤਾ ਸਹਿਦੇਵ ਅਤੇ ਪਰਮਜੀਤ ਕੌਰ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਵਧਾਈ ਦਿੱਤੀ। ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਕੋਮਲ ਸਹਿਦੇਵ, ਸੰਦੀਪ ਕੌਰ, ਰੀਤੂ ਬਾਲਾ, ਮੁਸਕਾਨ, ਤ੍ਰਿਪਤਾ, ਅਨੁਮੀਤ, ਦੀਪਿਕਾ, ਅੰਜ਼ੂ, ਸੁਸ਼ੀਲ ਕੁਮਾਰ, ਪੂਨਮ, ਸ਼ਮੀ ਅਤੇ ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤਕਾਰ ਅਤੇ ਅਧਿਆਪਕ ਹਾਜਰ ਸਨ।