Monday, May 12, 2025
Breaking News

ਸਿੰਘ ਸਭਾ ਲਹਿਰ ਦੀ ਸਥਾਪਨਾ ਦੇ 150 ਸਾਲ ਪੂਰੇ ਹੋਣ ’ਤੇ ਹੋਣਗੇ ਵਿਸ਼ੇਸ਼ ਗੁਰਮਤਿ ਸਮਾਗਮ

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸਿੰਘ ਸਭਾ ਲਹਿਰ ਦੀ ਆਰੰਭਤਾ ਦੇ 150 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ’ਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਬਾਰੇ ਵੀ ਵਿਚਾਰਾਂ ਹੋਈਆਂ।ਐਡਵੋਕੇਟ ਧਾਮੀ ਨੇ ਇਕੱਤਰਤਾ ਮਗਰੋਂ ਦੱਸਿਆ ਹੈ ਕਿ ਸਿੰਘ ਸਭਾ ਲਹਿਰ ਨੇ ਸਿੱਖ ਸਮਾਜ ਅੰਦਰ ਧਾਰਮਿਕ ਚੇਤਨਾ ਫੈਲਾਉਣ ਦੇ ਨਾਲ-ਨਾਲ ਸਿੱਖ ਵਿਰੋਧੀ ਚਾਲਾਂ ਨੂੰ ਵੀ ਰੋਕਿਆ ਸੀ। 1 ਅਕਤੂਬਰ 1873 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਸਿੰਘ ਸਭਾ ਦੀ ਉਦਾਘਟਨੀ ਇਕੱਤਰਤਾ ਹੋਈ ਸੀ, ਜਿਸ ਦਾ 150 ਸਾਲਾ 1 ਅਕਤੂਬਰ 2023 ਨੂੰ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖੀ ਪ੍ਰਚਾਰ ਲਈ ਕਾਰਜਸ਼ੀਲ ਵੱਖ-ਵੱਖ ਸੰਸਥਾਵਾਂ ਅਤੇ ਦੀਵਾਨ ਕੌਮ ਦੇ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਅੱਗੇ ਵਧਾਇਆ ਜਾਵੇਗਾ। ਸਿੰਘ ਸਭਾਵਾਂ ਦੇ ਸਹਿਯੋਗ ਨਾਲ 150 ਸਾਲਾ ਸਮਾਗਮ ਚੜ੍ਹਦੀ ਕਲਾ ਵਿਚ ਕੀਤੇ ਜਾਣਗੇ।ਇਸ ਸਬੰਧ ਵਿਚ ਇਕ ਸਬ-ਕਮੇਟੀ ਗਠਤ ਕੀਤੀ ਜਾਵੇਗੀ, ਜੋ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰੇਗੀ।
ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਵੱਖ-ਵੱਖ ਜੋਨਾਂ ਵਿਚ ਕੀਤੇ ਜਾ ਰਹੇ ਧਰਮ ਪ੍ਰਚਾਰ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ ਅਤੇ ਭਵਿੱਖ ਅੰਦਰ ਹੋਰ ਤੇਜੀ ਨਾਲ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਫੈਸਲਾ ਕੀਤਾ ਗਿਆ।ਇਕੱਤਰਤਾ ’ਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰਪਾਲ ਸਿੰਘ ਲਾਡਵਾ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਹਰਪਾਲ ਸਿੰਘ ਜੱਲਾ, ਓ.ਐਡ.ਸੀ ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਇੰਚਾਰਜ਼ ਮਨਜੀਤ ਸਿੰਘ ਆਦਿ ਮੌਜ਼ੂਦ ਸਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …